ਨਵੀਂ ਦਿੱਲੀ, 24 ਅਪ੍ਰੈਲ, ਦੇਸ਼ ਕਲਿਕ ਬਿਊਰੋ :
MDH ਅਤੇ ਐਵਰੈਸਟ ਮਸਾਲਿਆਂ 'ਤੇ ਪਾਬੰਦੀ ਦੇ ਮਾਮਲੇ 'ਚ ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਖੁਰਾਕ ਰੈਗੂਲੇਟਰਾਂ ਤੋਂ ਵੇਰਵੇ ਮੰਗੇ ਹਨ। ਵਣਜ ਮੰਤਰਾਲੇ ਨੇ ਸਿੰਗਾਪੁਰ ਅਤੇ ਹਾਂਗਕਾਂਗ ਵਿਚਲੇ ਭਾਰਤੀ ਦੂਤਾਵਾਸਾਂ ਨੂੰ ਵੀ ਇਸ ਮਾਮਲੇ 'ਤੇ ਵਿਸਥਾਰਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਐਮਡੀਐਚ ਅਤੇ ਐਵਰੈਸਟ ਤੋਂ ਵੀ ਵੇਰਵੇ ਮੰਗੇ ਹਨ।
ਵਣਜ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, 'ਦੋਵਾਂ ਕੰਪਨੀਆਂ ਦੇ ਉਤਪਾਦਾਂ ਨੂੰ ਰੱਦ ਕਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਨਾਲ ਸਬੰਧਤ ਬਰਾਮਦਕਾਰਾਂ ਦੀਆਂ ਚਿੰਤਾਵਾਂ ਦੇ ਨਾਲ-ਨਾਲ ਉਨ੍ਹਾਂ ਨੂੰ ਠੀਕ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ।'
ਦਰਅਸਲ, ਸਿੰਗਾਪੁਰ ਅਤੇ ਹਾਂਗਕਾਂਗ ਨੇ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਵੱਧ ਹੋਣ ਕਾਰਨ MDH ਅਤੇ ਐਵਰੈਸਟ ਦੋਵਾਂ ਕੰਪਨੀਆਂ ਦੇ ਕੁਝ ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ ਦੱਸਿਆ ਹੈ।