ਨਵੀਂ ਦਿੱਲੀ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਨੀਪੁਰ ਦੇ ਅੰਦਰੂਨੀ ਮਣੀਪੁਰ ਲੋਕ ਸਭਾ ਹਲਕੇ ਦੇ 11 ਪੋਲਿੰਗ ਸਟੇਸ਼ਨਾਂ 'ਤੇ 22 ਅਪ੍ਰੈਲ ਨੂੰ ਦੁਬਾਰਾ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਸ਼ਨੀਵਾਰ (20 ਅਪ੍ਰੈਲ) ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 19 ਅਪ੍ਰੈਲ ਨੂੰ ਇਨ੍ਹਾਂ ਬੂਥਾਂ 'ਤੇ ਹਿੰਸਾ ਅਤੇ ਭੰਨਤੋੜ ਹੋਈ ਸੀ।
ਜਿਨ੍ਹਾਂ 11 ਬੂਥਾਂ 'ਤੇ ਮੁੜ ਵੋਟਿੰਗ ਹੋਵੇਗੀ, ਉਨ੍ਹਾਂ 'ਚ ਸਜੇਬ, ਖੁਰਾਈ, ਥੋਂਗਾਮ, ਲੀਕਈ ਬਾਮਨ ਕੰਪੂ (ਉੱਤਰ-ਏ), ਬਾਮਨ ਕੰਪੂ (ਉੱਤਰ-ਬੀ), ਬਾਮਨ ਕੰਪੂ (ਦੱਖਣੀ-ਪੱਛਮੀ), ਬਾਮਨ ਕੰਪੂ (ਦੱਖਣੀ-ਪੂਰਬੀ), ਖੋਂਗਮੈਨ ਜ਼ੋਨ-ਵੀ(ਏ), ਇਰੋਇਸੇਮਬਾ, ਇਰੋਸ਼ੈਂਬਾ ਮਾਮੰਗ ਲੀਕਾਈ, ਇਰੋਸ਼ੈਂਬਾ ਮਾਇਆ ਲੀਕਾਈ ਅਤੇ ਖ਼ੈਦੇਮ ਮਖਾ ਸ਼ਾਮਲ ਹਨ।
19 ਅਪ੍ਰੈਲ ਨੂੰ ਹਿੰਸਾ ਪ੍ਰਭਾਵਿਤ ਮਨੀਪੁਰ ਦੀਆਂ ਦੋਵੇਂ ਲੋਕ ਸਭਾ ਸੀਟਾਂ - ਅੰਦਰੂਨੀ ਅਤੇ ਬਾਹਰੀ ਮਨੀਪੁਰ ਸੀਟਾਂ ਲਈ 72 ਪ੍ਰਤੀਸ਼ਤ ਵੋਟਿੰਗ ਹੋਈ। ਚੋਣਾਂ ਦੌਰਾਨ ਕਈ ਬੂਥਾਂ 'ਤੇ ਗੋਲੀਬਾਰੀ, ਈਵੀਐਮ ਤੋੜਨ ਅਤੇ ਬੂਥਾਂ 'ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।