ਨਵੀਂ ਦਿੱਲੀ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਭਾਜਪਾ ਨੇ ਅੱਜ ਐਤਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਨੂੰ “ਮੋਦੀ ਦੀ ਗਾਰੰਟੀ” ਦਾ ਨਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਗੂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿੱਚ ਮੌਜੂਦ ਹਨ।
ਪ੍ਰਧਾਨ ਮੰਤਰੀ ਨੇ ਵੱਖ-ਵੱਖ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਮੰਚ 'ਤੇ ਬੁਲਾਇਆ ਅਤੇ ਸੰਕਲਪ ਪੱਤਰ ਦੀ ਪਹਿਲੀ ਕਾਪੀ ਸੌਂਪੀ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੀ ਪਿਛਲੀ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਮਿਲਿਆ ਸੀ। ਇਸ ਦੇ ਨਾਲ ਹੀ ਪਿਛਲੇ 10 ਸਾਲਾਂ ਦੇ ਵਾਅਦੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਪੰਜ ਵੱਡੇ ਵਾਅਦੇ ਕੀਤੇ ਜੋ ਇਸ ਤਰ੍ਹਾਂ ਹਨ :-
1. 2029 ਤੱਕ ਗਰੀਬਾਂ ਲਈ ਮੁਫਤ ਰਾਸ਼ਨ ਸਕੀਮ ਪ੍ਰਦਾਨ ਕਰਨ ਦਾ ਵਾਅਦਾ।
2. ਆਯੁਸ਼ਮਾਨ ਯੋਜਨਾ ਦੇ ਤਹਿਤ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਵਾਅਦਾ।
3. ਮੁਦਰਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ 20 ਲੱਖ ਰੁਪਏ ਹੋਵੇਗੀ।
4. ਗਰੀਬਾਂ ਨੂੰ 3 ਕਰੋੜ ਘਰ ਦਿੱਤੇ ਜਾਣਗੇ।
5. ਇੱਕ ਰਾਸ਼ਟਰ, ਇੱਕ ਚੋਣ ਅਤੇ ਇੱਕ ਸਾਂਝੀ ਵੋਟਰ ਸੂਚੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।