ਨਵੀਂ ਦਿੱਲੀ, 6 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਕਾਂਗਰਸ ਨੇ ਅੱਜ ਸ਼ਨੀਵਾਰ ਨੂੰ ਗੋਆ, ਮੱਧ ਪ੍ਰਦੇਸ਼ ਅਤੇ ਦਾਦਰਾ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਂ ਹਨ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਲਈ 3, ਗੋਆ ਲਈ 2 ਅਤੇ ਦਾਦਰਾ ਲਈ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਹੁਣ ਤੱਕ 240 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਕਾਂਗਰਸ ਨੇ ਗਵਾਲੀਅਰ ਤੋਂ ਸਾਬਕਾ ਵਿਧਾਇਕ ਪ੍ਰਵੀਨ ਪਾਠਕ, ਮੋਰੇਨਾ ਤੋਂ ਸਾਬਕਾ ਵਿਧਾਇਕ ਸਤਿਆਪਾਲ ਸਿੰਘ ਸੀਕਰਵਾਰ (ਨੀਟੂ) ਅਤੇ ਖੰਡਵਾ ਤੋਂ ਨਰਿੰਦਰ ਪਟੇਲ ਨੂੰ ਟਿਕਟਾਂ ਦਿੱਤੀਆਂ ਹਨ। ਪਾਰਟੀ ਨੇ ਸੂਬੇ ਦੀਆਂ 29 ਵਿੱਚੋਂ 28 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਜਦਕਿ ਖਜੂਰਾਹੋ ਸੀਟ ਸਪਾ ਲਈ ਛੱਡੀ ਗਈ ਹੈ।
ਉੱਤਰੀ ਗੋਆ ਸੀਟ ਤੋਂ ਰਮਾਕਾਂਤ ਖਲਾਪ ਅਤੇ ਦੱਖਣੀ ਗੋਆ ਸੀਟ ਤੋਂ ਕੈਪਟਨ ਵਿਰਿਆਟੋ ਫਰਨਾਂਡੀਜ਼ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਅਜੀਤ ਰਾਮਜੀਭਾਈ ਮਾਹਲਾ ਦਾਦਰਾ ਅਤੇ ਨਗਰ ਹਵੇਲੀ (ਐਸਟੀ) ਸੀਟ ਤੋਂ ਚੋਣ ਲੜਨਗੇ।