ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੋਕ ਸਭਾ ਚੋਣਾਂ 2024 ਲਈ ਕਾਂਗਰਸ ਦਾ ਚੋਣ ਮਨੋਰਥ ਪੱਤਰ ਅੱਜ ਜਾਰੀ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਵੇਰੇ 11:30 ਵਜੇ ਨਵੀਂ ਦਿੱਲੀ ਸਥਿਤ ਪਾਰਟੀ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕਰਨਗੇ।
ਨੌਜਵਾਨਾਂ ਦੇ ਦਿਲ ਜਿੱਤਣ ਦੀ ਆਪਣੀ ਰਣਨੀਤੀ ਦੇ ਹਿੱਸੇ ਵਜੋਂ, ਕਾਂਗਰਸ ਕੇਂਦਰ ਸਰਕਾਰ ਵਿੱਚ 30 ਲੱਖ ਖਾਲੀ ਸਰਕਾਰੀ ਅਸਾਮੀਆਂ ਨੂੰ ਭਰਨ ਦਾ ਵਾਅਦਾ ਕਰ ਸਕਦੀ ਹੈ। ਮੁਸਲਮਾਨਾਂ ਨੂੰ ਲੁਭਾਉਣ ਲਈ ਸੱਚਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਜਾ ਸਕਦੀ ਹੈ।
ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਲਈ 6 ਹਜ਼ਾਰ ਪ੍ਰਤੀ ਮਹੀਨਾ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ 33 ਫੀਸਦੀ ਰਾਖਵੇਂਕਰਨ ਦਾ ਜ਼ਿਕਰ ਹੋ ਸਕਦਾ ਹੈ। ਓਬੀਸੀ ਵੋਟ ਬੈਂਕ ਦਾ ਲਾਭ ਉਠਾਉਣ ਲਈ ਜਾਤੀ ਆਧਾਰਤ ਜਨਗਣਨਾ ਕਰਵਾਉਣ ਅਤੇ ਪਛੜੀਆਂ ਜਾਤੀਆਂ ਲਈ ਰਾਖਵੇਂਕਰਨ ਦੀ ਸੀਮਾ ਵਧਾਉਣ ਦਾ ਵਾਅਦਾ ਵੀ ਕੀਤਾ ਜਾ ਸਕਦਾ ਹੈ।