ਨਵੀਂ ਦਿੱਲੀ, 3 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲਾਂ ਬਾਅਦ ਅੱਜ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਉਹ 2019 ਵਿੱਚ ਰਾਜਸਥਾਨ ਦੀ ਰਾਜ ਸਭਾ ਸੀਟ ਤੋਂ ਚੁਣੇ ਗਏ ਸਨ। ਉਨ੍ਹਾਂ ਦੀ ਥਾਂ ਹੁਣ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਪੁੱਜੇਗੀ। 20 ਫਰਵਰੀ ਨੂੰ ਉਹ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ।
ਰਾਜ ਸਭਾ ਦੇ ਕੁੱਲ 54 ਸੰਸਦ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ 'ਚ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ 49 ਸੰਸਦ ਮੈਂਬਰ 2 ਅਪ੍ਰੈਲ ਨੂੰ ਸਦਨ ਤੋਂ ਸੇਵਾਮੁਕਤ ਹੋ ਗਏ ਸਨ। ਇਸ ਦੇ ਨਾਲ ਹੀ ਮਨਮੋਹਨ ਸਿੰਘ ਸਮੇਤ 5 ਸੰਸਦ ਮੈਂਬਰਾਂ ਦਾ ਕਾਰਜਕਾਲ ਅੱਜ (3 ਅਪ੍ਰੈਲ) ਖਤਮ ਹੋ ਰਿਹਾ ਹੈ। ਇਨ੍ਹਾਂ 54 ਸੰਸਦ ਮੈਂਬਰਾਂ ਵਿੱਚ 9 ਕੇਂਦਰੀ ਮੰਤਰੀ ਵੀ ਸ਼ਾਮਲ ਹਨ।
ਮਨਮੋਹਨ ਸਿੰਘ 2019 ਵਿੱਚ ਲਗਾਤਾਰ ਛੇਵੀਂ ਵਾਰ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਬਣੇ। ਰਾਜਸਥਾਨ 'ਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ 'ਤੇ ਮਨਮੋਹਨ ਸਿੰਘ ਨੂੰ ਬਾਕੀ ਰਹਿੰਦੇ ਕਾਰਜਕਾਲ ਲਈ ਚੁਣਿਆ ਗਿਆ ਸੀ। ਭਾਜਪਾ ਨੇ ਉਨ੍ਹਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ। ਰਾਜਸਥਾਨ ਤੋਂ ਪਹਿਲਾਂ ਉਹ ਅਸਾਮ ਤੋਂ ਪੰਜ ਵਾਰ ਰਾਜ ਸਭਾ ਮੈਂਬਰ ਚੁਣੇ ਗਏ ਸਨ।
ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ। ਇਸ ਵਿੱਚ ਉਨ੍ਹਾਂ ਨੇ ਕਿਹਾ- ਹੁਣ ਤੁਸੀਂ ਸਰਗਰਮ ਰਾਜਨੀਤੀ ਵਿੱਚ ਨਹੀਂ ਹੋਵੋਗੇ, ਪਰ ਜਨਤਾ ਲਈ ਤੁਹਾਡੀ ਆਵਾਜ਼ ਬੁਲੰਦ ਹੁੰਦੀ ਰਹੇਗੀ। ਤੁਸੀਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾ ਕੀਤੀ ਹੈ। ਤੁਹਾਡੀ ਰਿਟਾਇਰਮੈਂਟ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ।