ਨਵੀਂ ਦਿੱਲੀ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਗੁੰਮਰਾਹਕੁੰਨ ਵਿਗਿਆਪਨ ਦੇ ਮਾਮਲੇ 'ਚ ਪਤੰਜਲੀ ਆਯੁਰਵੇਦ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਅੱਜ ਮੰਗਲਵਾਰ ਨੂੰ ਸੁਣਵਾਈ ਕੀਤੀ। ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਐੱਮਡੀ ਆਚਾਰੀਆ ਬਾਲਕ੍ਰਿਸ਼ਨ ਮਾਮਲੇ 'ਚ ਨਿੱਜੀ ਪੇਸ਼ੀ ਲਈ ਜਾਰੀ ਸੰਮਨ ਦੇ ਤਹਿਤ ਸੁਪਰੀਮ ਕੋਰਟ ਪਹੁੰਚੇ। ਰਾਮਦੇਵ ਨੇ ਅੱਜ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ।
ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪਿਛਲੇ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ। ਅਸੀਂ ਉਨ੍ਹਾਂ ਦਸਤਾਵੇਜ਼ਾਂ ਨੂੰ ਦੇਖ ਰਹੇ ਹਾਂ, ਜਿਸ 'ਚ ਕਿਹਾ ਗਿਆ ਹੈ ਕਿ ਜਵਾਬ ਨਾ ਦੇਣ 'ਤੇ ਕੰਪਨੀ ਅਤੇ ਮੈਨੇਜਮੈਂਟ ਖਿਲਾਫ ਮਾਣਹਾਨੀ ਦਾ ਮਾਮਲਾ ਕਿਉਂ ਨਾ ਚਲਾਇਆ ਜਾਵੇ। ਅਦਾਲਤ ਨੇ ਬਾਬਾ ਰਾਮਦੇਵ ਅਤੇ ਹੋਰ ਮੁਲਜ਼ਮਾਂ ਦਾ ਹਲਫ਼ਨਾਮਾ ਮੰਗਿਆ।
ਪਤੰਜਲੀ ਵੱਲੋਂ ਐਡਵੋਕੇਟ ਬਲਵੀਰ ਸਿੰਘ ਅਤੇ ਐਡਵੋਕੇਟ ਸੰਘੀ ਨੇ ਦਲੀਲਾਂ ਪੇਸ਼ ਕੀਤੀਆਂ। ਪਤੰਜਲੀ ਨੇ ਕਿਹਾ- ਰਾਮਦੇਵ ਅਦਾਲਤ ਵਿੱਚ ਹਨ, ਭੀੜ ਕਾਰਨ ਅਸੀਂ ਉਨ੍ਹਾਂ ਨੂੰ ਅਦਾਲਤ ਵਿੱਚ ਨਹੀਂ ਲਿਆ ਸਕੇ। ਇਸ 'ਤੇ ਜਸਟਿਸ ਅਮਾਨਤੁੱਲਾ ਨੇ ਕਿਹਾ- ਠੀਕ ਹੈ, ਕੋਈ ਗੱਲ ਨਹੀਂ, ਉਨ੍ਹਾਂ ਨੂੰ ਬੁਲਾਓ, ਅਸੀਂ ਪੁੱਛਾਂਗੇ।
ਜਸਟਿਸ ਹਿਮਾ ਕੋਹਲੀ ਨੇ ਕਿਹਾ- ਅਸੀਂ ਇਹ ਸਵੀਕਾਰ ਨਹੀਂ ਕਰਾਂਗੇ ਕਿ ਮੀਡੀਆ ਵਿਭਾਗ ਨੂੰ ਇਹ ਨਹੀਂ ਪਤਾ ਕਿ ਅਦਾਲਤ ਵਿੱਚ ਕੀ ਚੱਲ ਰਿਹਾ ਹੈ, ਜਿਵੇਂ ਕਿ ਇਹ ਇੱਕ ਆਈਲੈਂਡ ਹੈ।ਦਰਅਸਲ ਇਹ ਸਿਰਫ਼ ਜੁਬਾਨੀ ਗੱਲਾਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਪਤੰਜਲੀ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ,ਅਸੀਂ ਰਾਮਦੇਵ ਦੇ ਵਕੀਲਾਂ ਦਾ ਮੁਆਫੀਨਾਮਾ ਸੁਣਨ ਨਹੀਂ ਬੈਠੇ। ਸਰਕਾਰ ਨੇ ਕਿਉਂ ਅੱਖਾਂ ਮੀਚ ਲਈਆਂ ਹਨ? ਦਰਅਸਲ, ਪਿਛਲੀ ਸੁਣਵਾਈ ਵਿੱਚ ਪਤੰਜਲੀ ਨੇ ਕਿਹਾ ਸੀ ਕਿ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਕੰਪਨੀ ਦੇ ਮੀਡੀਆ ਵਿਭਾਗ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ, ਜੋ ਨਵੰਬਰ 2023 ਵਿੱਚ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਹੁਕਮ ਤੋਂ ਅਣਜਾਣ ਸਨ।
ਸੁਪਰੀਮ ਕੋਰਟ 10 ਅਪ੍ਰੈਲ ਨੂੰ ਇਸ਼ਤਿਹਾਰ ਮਾਮਲੇ ਦੀ ਅਗਲੀ ਸੁਣਵਾਈ ਕਰੇਗਾ। ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।