ਪੰਜ ਲੋਕਾਂ ਦੀ ਮੌਤ 100 ਲੋਕ ਜ਼ਖਮੀ, ਹਵਾਈ ਅੱਡੇ ਦੀ ਛੱਤ ਢਹੀ,ਚਰਚ ਦੀ ਇਮਾਰਤ ਡਿੱਗੀ, ਦਰੱਖਤ ਜੜ੍ਹੋਂ ਉੱਖੜੇ
ਨਵੀਂ ਦਿੱਲੀ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅਚਾਨਕ ਆਏ ਤੂਫਾਨ ਅਤੇ ਮੀਂਹ ਨੇ ਦੇਸ਼ ਦੇ ਚਾਰ ਰਾਜਾਂ ਪੱਛਮੀ ਬੰਗਾਲ, ਅਸਾਮ, ਮਿਜ਼ੋਰਮ ਅਤੇ ਮਨੀਪੁਰ ਵਿੱਚ ਕਾਫੀ ਨੁਕਸਾਨ ਕੀਤਾ ਹੈ। ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। 100 ਲੋਕ ਜ਼ਖਮੀ ਹਨ। ਪੀਐਮ ਮੋਦੀ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ।
ਅਸਾਮ ਦੇ ਗੁਹਾਟੀ ਵਿਚ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਵਾਈ ਅੱਡੇ ਦੀ ਛੱਤ ਦਾ ਇੱਕ ਹਿੱਸਾ ਢਹਿ ਗਿਆ। ਕੁਝ ਸਮੇਂ ਲਈ ਫਲਾਈਟਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਛੇ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ।
ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਦੇ ਲੁੰਗਟਨ ਪਿੰਡ ਵਿੱਚ ਇੱਕ ਚਰਚ ਦੀ ਇਮਾਰਤ ਢਹਿ ਗਈ। ਆਈਜ਼ੌਲ ਜ਼ਿਲ੍ਹੇ ਦੇ ਸਿਆਲਸੁਕ ਵਿੱਚ ਇੱਕ ਹੋਰ ਚਰਚ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਕੁਝ ਘਰਾਂ ਨੂੰ ਵੀ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ।
ਦੂਜੇ ਪਾਸੇ ਮਨੀਪੁਰ ਦੇ ਥੌਬਲ ਅਤੇ ਖੋਂਗਜੋਮ ਖੇਤਰਾਂ ਵਿੱਚ ਕਈ ਦਰੱਖਤ ਜੜ੍ਹੋਂ ਉਖੜ ਗਏ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ।