ਊਧਮ ਸਿੰਘ ਨਗਰ, 28 ਮਾਰਚ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਅੱਜ ਸਵੇਰੇ ਅਚਾਨਕ ਅਣਪਛਾਤੇ ਵਿਅਕਤੀਆਂ ਨੇ ਪ੍ਰਸਿੱਧ ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਬਾ ਤਰਸੇਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਾਬਾ ਤਰਸੇਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਅੱਜ ਵੀਰਵਾਰ ਸਵੇਰੇ ਕਰੀਬ 6:30 ਵਜੇ ਲੰਗਰ ਹਾਲ ਦੇ ਬਾਹਰ ਬੈਠੇ ਸਨ। ਇਸ ਦੌਰਾਨ ਦੋ ਪਗੜੀਧਾਰੀ ਬਾਈਕ 'ਤੇ ਆਏ, ਬਾਬੇ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਦੋ ਗੋਲੀਆਂ ਬਾਬੇ ਦੇ ਢਿੱਡ ਅਤੇ ਗਰਦਨ ਵਿੱਚ ਲੱਗੀਆਂ। ਖਾਤਿਮਾ ਲੈ ਜਾਦਿਆਂ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ 'ਚ ਤਣਾਅ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵਿਭਾਗ ਤੁਰੰਤ ਮੌਕੇ 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਰੋਸ ਹੈ।ਜਿਕਰਯੋਗ ਹੈ ਕਿ ਕਈ ਵਿਵਾਦ ਪੁਲਿਸ ਦੇ ਧਿਆਨ 'ਚ ਆ ਚੁੱਕੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਬਾਬਾ ਤਰਸੇਮ ਸਿੰਘ ਨੇ 20 ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਜਾਨ-ਮਾਲ ਨੂੰ ਖਤਰੇ ਦੀ ਗੱਲ ਕਹੀ ਸੀ।