ਕੋਲਕਾਤਾ, 18 ਮਾਰਚ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਗਈ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ ਕੋਲਕਾਤਾ ਦੇ ਮੇਟੀਆਬਰੂਜ਼ 'ਚ ਵਾਪਰੀ। ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਅੱਜ ਸੋਮਵਾਰ ਸਵੇਰੇ ਹਾਦਸੇ ਵਾਲੀ ਥਾਂ 'ਤੇ ਪਹੁੰਚੀ। ਪੁਲਿਸ ਮੁਤਾਬਕ ਘਟਨਾ ਦੇ ਸਮੇਂ ਇਮਾਰਤ ਖਾਲੀ ਸੀ। ਇਸ ਦੇ ਨਾਲ ਹੀ ਝੁੱਗੀਆਂ ਹਨ, ਜਿਸ 'ਤੇ ਇਮਾਰਤ ਡਿੱਗ ਗਈ। ਉਥੇ ਲੋਕ ਸੁੱਤੇ ਪਏ ਸਨ।
ਲੋਕਾਂ ਦੀ ਭਾਲ ਲਈ ਗੈਸ ਕਟਰ ਨਾਲ ਕੱਟ ਕੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਕੋਲਕਾਤਾ ਪੁਲਿਸ, ਡਿਜ਼ਾਸਟਰ ਮੈਨੇਜਮੈਂਟ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਅਜੇ ਵੀ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਕਈ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਇਲਾਕਾ ਭੀੜ ਵਾਲਾ ਹੈ। ਇਸ ਲਈ ਸਾਵਧਾਨੀ ਵਰਤੀ ਜਾ ਰਹੀ ਹੈ।