ਨਵੀਂ ਦਿੱਲੀ, 18 ਮਾਰਚ, ਦੇਸ਼ ਕਲਿੱਕ ਬਿਓਰੋ :
ਸਮੂਹਿਕ ਵਿਆਹ ਦੌਰਾਨ ਮਿਲਣ ਵਾਲੇ ਦਾਜ ਦੇ ਸਾਮਾਨ ਅਤੇ ਸ਼ਗਨ ਦੇ ਲਾਲਚ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਭੈਣ-ਭਰਾ ਨੇ ਹੀ ਫੇਰੇ ਲੈ ਲਏ। ਯੂਪੀ ਦੇ ਜ਼ਿਲ੍ਹਾ ਮਹਰਾਜਗੰਜ ਦੇ ਲਕਸ਼ਮੀਪੁਰ ਖੇਤਰ ਵਿੱਚ ਮੁੱਖ ਮੰਤਰੀ ਵਿਆਹ ਯੋਜਨਾ ਦੇ ਤਹਿਤ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ। ਗ੍ਰਾਂਟ ਦੀ ਰਕਮ ਅਤੇ ਵਿਆਹ ਵਿੱਚ ਮਿਲਣ ਵਾਲੇ ਘਰੇਲੂ ਸਾਮਾਨ ਦੇ ਲਾਲਚ ਵਿੱਚ ਘਰ ਵਾਲਿਆਂ ਅਤੇ ਵਿਚੋਲਿਆਂ ਨੇ ਲਾੜੇ ਦੇ ਨਾ ਆਉਣ ਉਤੇ ਪਹਿਲਾਂ ਤੋਂ ਵਿਆਹੁਤਾ ਲੜਕੀ ਦੇ ਫੇਰੇ ਉਸਦੇ ਭਰਾ ਨਾਲ ਹੀ ਕਰਵਾ ਦਿੱਤੇ। ਜਦੋਂ ਇਸ ਦਾ ਪਤਾ ਚਲਿਆ ਤਾਂ ਅਧਿਕਾਰੀਆਂ ਵਿੱਚ ਭਾਜੜਾਂ ਪੈ ਗਈਆਂ। ਇਸਦੀ ਜਾਣਕਾਰੀ ਤੁਰੰਤ ਬੀਡੀਓ ਨੇ ਤੁਰੰਤ ਬਲਾਕ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਭੇਜ ਕੇ ਵਿਆਹ ਵਿੱਚ ਦਿੱਤਾ ਗਿਆ ਸਾਰਾ ਸਾਮਾਨ ਵਾਪਸ ਮੰਗਵਾ ਲਿਆ। ਸ਼ਗਨ ਵਜੋਂ ਗ੍ਰਾਂਟ ਵਿੱਚ ਦਿੱਤਾ ਜਾਣ ਵਾਲੇ 35 ਹਜ਼ਾਰ ਰੁਪਏ ਦੀ ਰਕਮ ਦੇ ਭੁਗਤਾਨ ਉਤੇ ਵੀ ਰੋਕ ਲਗਾਉਣ ਦੇ ਹੁਕਮ ਦਿੱਤੇ।
ਮਿਲੀ ਜਾਣਕਾਰੀ ਅਨੁਸਾਰ ਇਸੇ ਮਹੀਨੇ 5 ਮਾਰਚ ਨੂੰ ਲਕਸ਼ਮੀਪੁਰ ਬਲਾਕ ਵਿੱਚ 38 ਜੋੜਿਆਂ ਦੇ ਮੁੱਖ ਮੰਤਰੀ ਸਾਮੂਹਿਕ ਵਿਆਹ ਯੋਜਨਾ ਦੇ ਤਹਿਤ ਵਿਆਹ ਹੋਏ ਸਨ। ਇਸ ਵਿੱਚ ਇਕ ਲੜਕੀ ਦਾ ਰਜਿਸਟ੍ਰੇਸ਼ਨ ਹੋਇਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ ਇਕ ਸਾਲ ਪਹਿਲਾਂ ਬ੍ਰਜਮਨਗੰਜ ਖੇਤਰ ਵਿੱਚ ਲੇਹੜਾ ਦੇ ਇਕ ਪਿੰਡ ਵਿੱਚ ਹੋ ਚੁੱਕਿਆ ਸੀ। ਇਸ ਦੇ ਬਾਵਜੂਦ ਵੀ ਵਿਚੋਲਿਆਂ ਨੇ ਲੜਕੀ ਨੂੰ ਵਿਆਹ ਲਈ ਸਹਿਮਤ ਕਰ ਲਿਆ, ਪ੍ਰੰਤੂ ਜਿਸ ਲੜਕੇ ਨੂੰ ਫੇਰੇ ਲੈਣ ਲਈ ਬੁਲਾਇਆ ਗਿਆ ਸੀ, ਉਹ ਨਹੀਂ ਆਇਆ। ਇਸ ਤੋਂ ਬਾਅਦ ਵਿਚੋਲਿਆਂ ਨੇ ਸ਼ਗਨ ਵਿੱਚ ਮਿਲਣ ਵਾਲੀ ਗ੍ਰਾਂਟ ਦੀ ਰਕਮ ਵਿੱਚ ਕਮਿਸ਼ਨ ਦੇ ਲਾਲਚ ਵਿੱਚ ਲੜਕੀ ਅਤੇ ਉਸਦੇ ਭਰਾ ਦੇ ਹੀ ਫੇਰੇ ਕਰਵਾ ਦਿੱਤੇ। ਲੜਕੀ ਦਾ ਜਿਸ ਨਾਲ ਸਾਲ ਪਹਿਲਾਂ ਵਿਆਹ ਹੋਇਆ ਸੀ, ਉਹ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਹੈ।
ਇਸ ਸਬੰਧੀ ਮਹਾਰਾਜਗੰਜ ਜ਼ਿਲ੍ਹੇ ਦੇ ਡੀਐਮ ਨੇ ਦੱਸਿਆ ਕਿ ਭੈਣ-ਭਰਾ ਵਿੱਚ ਸੱਤ ਫੇਰੇ ਨੂੰ ਲੈ ਕੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ਉਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।