ਚੰਡੀਗੜ੍ਹ, 11 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਐਤਵਾਰ ਰਾਤ ਚੋਰਾਂ ਨੇ ਇੱਕ ਸੇਵਾਮੁਕਤ ਮਹਿਲਾ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿੱਚ ਪ੍ਰਿੰਸੀਪਲ ਦਾ ਪਤੀ ਵੀ ਛਰ੍ਹੇ ਲੱਗਣ ਨਾਲ ਜ਼ਖਮੀ ਹੋ ਗਿਆ। 3 ਬਦਮਾਸ਼ ਚੋਰੀ ਕਰਨ ਲਈ ਘਰ 'ਚ ਦਾਖਲ ਹੋਏ ਸਨ। ਜਦੋਂ ਪਤੀ-ਪਤਨੀ ਨੇ ਉਨ੍ਹਾਂ ਨੂੰ ਦੇਖਿਆ ਤਾਂ ਚੋਰਾਂ 'ਚੋਂ ਇਕ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਔਰਤ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਔਰਤ ਦੀ ਪਛਾਣ ਸਪਰਾ ਕਲੋਨੀ ਵਾਸੀ ਡੀਐਨ ਕਾਲਜ ਦੀ ਸੇਵਾਮੁਕਤ ਪ੍ਰਿੰਸੀਪਲ ਕਮਲੇਸ਼ ਕੌਸ਼ਲ ਵਜੋਂ ਹੋਈ ਹੈ। ਐਤਵਾਰ ਰਾਤ ਨੂੰ ਉਹ ਆਪਣੇ ਪਤੀ ਅਸ਼ੋਕ ਕੌਸ਼ਲ ਨਾਲ ਸੈਰ ਕਰਨ ਗਈ ਸੀ।
ਜਦੋਂ ਉਹ ਕਰੀਬ 9 ਵਜੇ ਵਾਪਸ ਆਏ ਤਾਂ ਘਰ ਦਾ ਤਾਲਾ ਖੁੱਲ੍ਹਾ ਸੀ।ਅੰਦਰ ਜਾ ਕੇ ਦੇਖਿਆ ਕਿ ਦੋ ਨੌਜਵਾਨ ਚੋਰੀ ਕਰ ਰਹੇ ਸਨ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਚੋਰ ਘਰੋਂ ਬਾਹਰ ਆ ਗਏ ਅਤੇ ਭੱਜਣ ਲੱਗੇ। ਦੋਵਾਂ ਪਤੀ-ਪਤਨੀ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਾਹਰ ਖੜ੍ਹੇ ਚੋਰਾਂ ਦੇ ਇਕ ਸਾਥੀ ਨੇ ਬਾਹਰੋਂ ਅੰਦਰ ਆ ਕੇ ਗੋਲੀਆਂ ਚਲਾ ਦਿੱਤੀਆਂ। ਕਮਲੇਸ਼ ਦੇ ਪੇਟ ਅਤੇ ਪੈਰ ਵਿੱਚ ਗੋਲੀ ਲੱਗੀ ਹੈ। ਕੋਲ ਖੜ੍ਹੇ ਪਤੀ ਅਸ਼ੋਕ ਵੀ ਛਰ੍ਹਾ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਘਟਨਾ ਤੋਂ ਬਾਅਦ ਐਸਪੀ ਸੁਰਿੰਦਰ ਭੋਰੀਆ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਦੋਂ ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਫੁਟੇਜ ਵਿੱਚ ਇੱਕ ਬਦਮਾਸ਼ ਬਾਈਕ 'ਤੇ ਜਾ ਰਿਹਾ ਸੀ। ਉਸ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ।