ਗਰੇਟਰ ਨੋਇਡਾ, 9 ਮਾਰਚ, ਦੇਸ਼ ਕਲਿਕ ਬਿਊਰੋ :
ਗ੍ਰੇਟਰ ਨੋਇਡਾ ਵਿੱਚ 100 ਦੇ ਕਰੀਬ ਵਿਦਿਆਰਥੀ ਜ਼ਹਿਰੀਲੇ ਭੋਜਨ ਦਾ ਸ਼ਿਕਾਰ ਹੋ ਗਏ। ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਸ਼ਾਮ ਨੂੰ ਡਿਨਰ ਕੀਤਾ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਨਾਲੇਜ ਪਾਰਕ ਥਾਣਾ ਖੇਤਰ ਵਿੱਚ ਆਰੀਅਨ ਰੈਜ਼ੀਡੈਂਸੀ ਨਾਮ ਦਾ ਹੋਸਟਲ ਹੈ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਰਹਿੰਦੇ ਹਨ। ਵਿਦਿਆਰਥੀਆਂ ਨੂੰ ਸ਼ਾਮ ਨੂੰ ਖਾਣਾ ਮਿਲਿਆ ਅਤੇ ਖਾਣਾ ਖਾਣ ਤੋਂ ਬਾਅਦ ਅਚਾਨਕ ਸਾਰੇ ਵਿਦਿਆਰਥੀਆਂ ਦੀ ਤਬੀਅਤ ਵਿਗੜ ਗਈ।
ਇਸ ਦੌਰਾਨ ਉਨ੍ਹਾਂ ਦਾ ਜੀਅ ਘਬਰਾਉਣ, ਪੇਟ ਦਰਦ ਅਤੇ ਉਲਟੀਆਂ ਆਉਣ ਲੱਗੀਆਂ। ਇੰਨੇ ਬੱਚਿਆਂ ਦੀ ਸਿਹਤ ਵਿਗੜਦੇ ਹੀ ਪੂਰੇ ਹੋਸਟਲ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਜਲਦਬਾਜ਼ੀ 'ਚ ਵੱਖ-ਵੱਖ ਹਸਪਤਾਲਾਂ 'ਚ ਭੇਜ ਦਿੱਤਾ ਗਿਆ। ਇਸ ਦੌਰਾਨ ਕਰੀਬ 47 ਵਿਦਿਆਰਥੀਆਂ ਨੂੰ ਰੈਜ਼ੀਡੈਂਸੀ ਨੇੜੇ ਸਥਿਤ ਕੈਲਾਸ਼ ਹਸਪਤਾਲ ਭੇਜਿਆ ਗਿਆ। ਸਾਰੇ ਵਿਦਿਆਰਥੀਆਂ ਨੂੰ ਰਾਤ ਨੂੰ ਹੀ ਦਾਖਲ ਕਰ ਲਿਆ ਗਿਆ ਹੈ ਅਤੇ ਸਾਰੇ ਵਿਦਿਆਰਥੀ ਅਜੇ ਵੀ ਹਸਪਤਾਲ ਵਿੱਚ ਹਨ। ਇਹ ਸਾਰੇ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਡਿਨਰ ਕੀਤਾ ਸੀ ਅਤੇ ਉਸ ਤੋਂ ਬਾਅਦ ਅਚਾਨਕ ਸਾਡੀ ਸਿਹਤ ਵਿਗੜ ਗਈ।