ਬੱਦੀ, 20 ਫਰਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੇ ਬੱਦੀ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਇੱਥੇ ਫਾਰਮਾ ਫੈਕਟਰੀ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਈ। ਜਿਸ ਕਾਰਨ 14 ਮਜ਼ਦੂਰ ਬੇਹੋਸ਼ ਹੋ ਗਏ। ਜਿਨ੍ਹਾਂ ਵਿੱਚੋਂ 10 ਮਜ਼ਦੂਰਾਂ ਨੂੰ ਪੀ.ਜੀ.ਆਈ. ‘ਚ ਦਾਖਲ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਥੇ ਮਿਥਾਇਲ ਕਲੋਰਾਈਡ ਗੈਸ ਲੀਕ ਹੋਈ ਹੈ।
ਕੰਪਨੀ ਮੁਤਾਬਕ ਲਿਫਟ ਰਾਹੀਂ ਗੈਸ ਲਿਜਾਈ ਜਾ ਰਹੀ ਸੀ। ਜਦੋਂ ਉਸ ਨੂੰ ਪਹਿਲੀ ਮੰਜ਼ਿਲ 'ਤੇ ਲਿਜਾਇਆ ਗਿਆ ਤਾਂ ਉਥੇ ਮੁਲਾਜ਼ਮ ਦੀ ਲਾਪ੍ਰਵਾਹੀ ਕਾਰਨ ਸਟੀਲ ਦਾ ਡਰੰਮ ਪਲਟ ਗਿਆ ਅਤੇ ਗੈਸ ਲੀਕ ਹੋ ਗਈ। ਜਿਸ ਤੋਂ ਬਾਅਦ ਪੈਕਿੰਗ ਸੈਕਸ਼ਨ 'ਚ ਕੰਮ ਕਰਦੀਆਂ ਲੜਕੀਆਂ ਸਮੇਤ 14 ਮਜ਼ਦੂਰ ਬੇਹੋਸ਼ ਹੋ ਗਏ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੱਦੀ ਦੀ ਪਰਫਿਊਮ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਜਿਸ ਵਿੱਚ ਕਈ ਮਜ਼ਦੂਰਾਂ ਦੀ ਮੌਤ ਹੋ ਗਈ।