ਚੰਡੀਗੜ੍ਹ,11 ਫਰਵਰੀ, ਦੇਸ਼ ਕਲਿਕ ਬਿਊਰੋ :
ਸੰਯੁਕਤ ਕਿਸਾਨ ਮੋਰਚਾ (SKM) ਦੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਸਮੇਤ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।ਇਸ ਦੇ ਨਾਲ ਹੀ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਸੀਮਿੰਟ ਦੇ ਬੈਰੀਕੇਡ ਵੀ ਲਗਾਏ ਗਏ ਹਨ। ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਦੇ ਸ਼ੰਭੂ ਬਾਰਡਰ ਅਤੇ ਫਤਿਹਾਬਾਦ 'ਤੇ ਬੈਰੀਕੇਡ ਅਤੇ ਲੋਹੇ ਦੇ ਕਿੱਲ ਲਗਾਏ ਗਏ ਹਨ।
ਅੱਜ (ਐਤਵਾਰ) ਸਵੇਰੇ 6 ਵਜੇ ਤੋਂ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ, ਡੋਂਗਲ ਅਤੇ ਬਲਕ ਐਸਐਮਐਸ ਬੰਦ ਕਰ ਦਿੱਤੇ ਗਏ ਹਨ। ਇਹ ਪਾਬੰਦੀ ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ ਅਤੇ ਪੁਲਿਸ ਜ਼ਿਲ੍ਹਾ ਡੱਬਵਾਲੀ ਸਮੇਤ ਸਿਰਸਾ ਜ਼ਿਲ੍ਹਿਆਂ ਵਿੱਚ ਹੋਵੇਗੀ। ਇਹ ਹੁਕਮ 13 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਲਾਗੂ ਰਹੇਗਾ। ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਕੇਂਦਰ ਨੇ ਅਰਧ ਸੈਨਿਕ ਬਲ ਦੀਆਂ 64 ਕੰਪਨੀਆਂ ਹਰਿਆਣਾ ਭੇਜੀਆਂ ਹਨ। ਜਿਸ ਵਿੱਚ ਬੀਐਸਐਫ ਅਤੇ ਸੀਆਰਪੀਐਫ ਦੇ ਜਵਾਨ ਵੀ ਸ਼ਾਮਲ ਹਨ।