ਮੁੰਬਈ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਵਿੱਚ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਉਨ੍ਹਾਂ ਦੇ ਇੱਕ ਸਾਥੀ ਨੇ ਸ਼ਿੰਦੇ ਧੜੇ ਦੇ ਆਗੂ ਮਹੇਸ਼ ਗਾਇਕਵਾੜ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਮਹੇਸ਼ ਅਤੇ ਗਣਪਤ ਉਲਹਾਸਨਗਰ ਦੇ ਹਿਲਲਾਈਨ ਥਾਣੇ ਪਹੁੰਚੇ ਸਨ। ਜਿੱਥੇ ਦੋਵਾਂ ਵਿਚਾਲੇ ਕਿਸੇ ਹੋਰ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗਣਪਤ ਨੇ ਇੰਸਪੈਕਟਰ ਦੇ ਸਾਹਮਣੇ ਹੀ ਮਹੇਸ਼ 'ਤੇ ਚਾਰ ਰਾਉਂਡ ਫਾਇਰ ਕੀਤੇ। ਦਰਅਸਲ ਮਹੇਸ਼ ਗਾਇਕਵਾੜ ਅਤੇ ਗਣਪਤ ਗਾਇਕਵਾੜ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਇਸ ਸਬੰਧ 'ਚ ਦੋਵੇਂ ਉਲਹਾਸਨਗਰ ਦੇ ਹਿਲਲਾਈਨ ਥਾਣੇ ਗਏ ਸਨ। ਜਦੋਂ ਉਹ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਉਸ ਦੇ ਸਾਥੀ ਨੇ ਮਹੇਸ਼ ਗਾਇਕਵਾੜ 'ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ 'ਚੋਂ ਦੋ ਮਹੇਸ਼ ਗਾਇਕਵਾੜ ਨੂੰ ਅਤੇ ਦੋ ਦੀ ਉਸ ਦੇ ਦੋਸਤ ਰਾਹੁਲ ਪਾਟਿਲ ਨੂੰ ਲੱਗੀਆਂ। ਜ਼ਖਮੀ ਗਾਇਕਵਾੜ ਅਤੇ ਪਾਟਿਲ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਵਿਧਾਇਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।