ਪਟਨਾ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ ਹੋਰ ਮੰਤਰੀ ਵੀ ਸਹੁੰ ਚੁੱਕ ਰਹੇ ਹਨ। ਇਸ ਤੋਂ ਪਹਿਲਾਂ ਨਿਤੀਸ਼ ਨੇ ਸਵੇਰੇ 11 ਵਜੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਇਸ ਤੋਂ ਬਾਅਦ ਉਹ 128 ਵਿਧਾਇਕਾਂ ਦਾ ਸਮਰਥਨ ਪੱਤਰ ਲੈ ਕੇ ਰਾਜਪਾਲ ਕੋਲ ਪਹੁੰਚੇ। ਨਿਤੀਸ਼ ਨੂੰ ਭਾਜਪਾ ਦੇ 78, ਜੇਡੀਯੂ ਦੇ 45, ਹਿੰਦੁਸਤਾਨ ਆਮ ਮੋਰਚਾ (ਹਮ) ਦੇ ਚਾਰ ਅਤੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਹਾਸਲ ਹੈ। ਅਸਤੀਫੇ ਦੇ 6 ਘੰਟੇ ਬਾਅਦ ਨਿਤੀਸ਼ ਕੁਮਾਰ ਨੇ ਮੁੜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸੀਐਮ ਸਮੇਤ 9 ਲੋਕ ਸਹੁੰ ਚੁੱਕ ਰਹੇ ਹਨ। ਭਾਜਪਾ ਵੱਲੋਂ ਦੋ ਉਪ ਮੁੱਖ ਮੰਤਰੀਆਂ ਸਮੇਤ ਤਿੰਨ ਮੰਤਰੀ ਨਿਯੁਕਤ ਕੀਤੇ ਗਏ ਹਨ। ਜੇਡੀਯੂ ਦੇ ਖਾਤੇ ਵਿੱਚ ਮੁੱਖ ਮੰਤਰੀ ਅਤੇ 3 ਮੰਤਰੀ ਆ ਗਏ ਹਨ।ਹਮ ਦੇ ਇੱਕ ਵਿਧਾਇਕ ਅਤੇ ਇੱਕ ਆਜ਼ਾਦ ਵਿਧਾਇਕ ਨੂੰ ਵੀ ਮੰਤਰੀ ਦਾ ਅਹੁਦਾ ਮਿਲਿਆ ਹੈ।