ਗਵਾਲੀਅਰ, 28 ਜਨਵਰੀ, ਦੇਸ਼ ਕਲਿੱਕ ਬਿਓਰੋ :
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਪੂਰੇ ਪਰਿਵਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸਿਰੋਲ ਥਾਣੇ ਅੰਦਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦਾ ਬੇਟਾ ਰਹਿੰਦੇ ਸਨ। ਤਿੰਨਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲਣ ਤੋਂ ਬਾਅਦ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਤਿੰਨਾਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਮੀਡੀਆਂ ਵਿੱਚ ਆਈਆਂ ਖਬਰਾਂ ਮੁਤਾਬਕ ਸਿਰੋਲ ਥਾਣਾ ਖੇਤਰ ਦੇ ਹੁਰਾਵਲੀ ਖੇਤਰ ਵਿੱਚ ਜਿਤੇਂਦਰ ਝਾਅ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਸ ਪਰਿਵਾਰ ਵਿੱਚ ਉਸਦੀ ਪਤਨੀ ਤ੍ਰਿਵੇਣੀ ਅਤੇ ਬੇਟਾ ਅਚਲ ਵੀ ਰਹਿੰਦਾ ਸੀ। ਪੇਸ਼ੇ ਵਜੋਂ ਮਜ਼ਦੂਰ ਪਰਿਵਾਰ ਸੀ। ਦੱਸਿਆ ਜਾ ਰਿਹਾ ਕਿ ਘਰ ਪਿਛਲੇ ਦੋ ਦਿਨਾਂ ਤੋਂ ਬੰਦ ਸੀ। ਘਰ ਵਿਚੋਂ ਆ ਰਹੀ ਮੁਸ਼ਕ ਕਾਰਨ ਲੋਕ ਪ੍ਰੇਸ਼ਾਨ ਸਨ। ਇਸ ਤੋਂ ਬਾਅਦ ਪੁਲਿਸ ਨੂੰ ਘਰ ਵਿਚੋਂ ਆ ਰਹੀ ਬਦਬੂ ਬਾਰੇ ਦੱਸਿਆ। ਮੌਕੇ ਉਤੇ ਪਹੁੰਚੀ ਪੁਲਿਸ ਘਰ ਦਾ ਦਰਵਾਜਾ ਖੋਲ੍ਹ ਕੇ ਦਾਖਲ ਹੋਈ ਤਾਂ ਸਾਰੇ ਪਰਿਵਾਰ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ।