ਜੈਪੁਰ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਰਾਜਸਥਾਨ ਵਿੱਚ ਹੁਣੇ ਹੀ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਪਿਛਲੀ ਕਾਂਗਰਸ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਦੇ ਫੈਸਲਿਆਂ ਨੂੰ ਭਾਜਪਾ ਦੇ ਮੁੱਖ ਮੰਤਰੀ ਭਜਨਲਾਲ ਸਰਕਾਰ ਬਦਲ ਰਹੀ ਹੈ। ਭਾਜਪਾ ਦੀ ਭਜਨਲਾਲ ਸਰਕਾਰ ਨੇ ਪਹਿਲੀ ਨਿਯੁਕਤੀ ਵਿੱਚ ਹੀ ਕਰਮਚਾਰੀਆਂ ਉਤੇ ਐਨਪੀਐਸ ਲਾਗੂ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਸ ਤੋਂ ਸਾਫ ਹੈ ਕਿ ਰਾਜਸਥਾਨ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਨਹੀਂ ਹੋਵੇਗੀ। ਜਦੋਂ ਕਿ, ਪੁਰਾਣੀ ਪੈਨਸ਼ਨ ਸਕੀਮ ਬਾਰੇ ਵਿੱਤ ਮੰਤਰੀ ਦੀਆ ਕੁਮਾਰੀ ਸਰਕਾਰ ਦਾ ਪੂਰਾ ਪੱਖ ਸਾਫ ਕਰੇਗੀ, ਜੋ ਅੱਜ ਵਿਧਾਨ ਸਭਾ ਵਿੱਚ ਜਵਾਬ ਦੇ ਸਕਦੀ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਜਪਾ ਨਵੀਂ ਪੈਨਸ਼ਨ ਸਕੀਮ ਦੇ ਪੱਖ ਵਿੱਚ ਹੈ। ਰਾਜਸਥਾਨ ਲੋਕ ਸੇਵਾ ਆਯੋਗ ਵੱਲੋਂ ਸਹਾਇਕ ਖੇਤੀ ਅਧਿਕਾਰੀਆਂ ਦੀਆਂ ਅਸਾਮੀਆਂ ਲਈ ਚੁਣੇ 25 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਨਿਯੁਕਤੀਆਂ ਦੀਆਂ ਸ਼ਰਤਾਂ ਵਿੱਚ ਨਵੀਂ ਪੈਨਸ਼ਨ ਯੋਜਨਾ ਲਾਗੂ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਸਬੰਧੀ ਰਾਜਸਥਾਨ ਅਧਿਆਪਕ ਸੰਘ ਵੱਲੋਂ ਸਵਾਲ ਚੁੱਕੇ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਰਾਜਸਥਾਨ ਵਿੱਚ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਸੀ, ਪ੍ਰੰਤੂ ਹੁਣ ਭਾਜਪਾ ਦੀ ਸਰਕਾਰ ਨੇ ਆਉਂਦਿਆਂ ਹੀ ਨਵੇਂ ਨਿਯੁਕਤ ਮੁਲਾਜ਼ਮਾਂ ਲਈ ਓਪੀਐਸ ਦੀ ਥਾਂ ਦੁਬਾਰਾ ਐਨਪੀਐਸ ਲਾਗੂ ਕਰਨ ਦੇ ਹੁਕਮ ਦਿੱਤੇ ਹਨ।