16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਕਰ ਸਕਣਗੇ ਦਾਖਲ
ਨਵੀਂ ਦਿੱਲੀ: 19 ਜਨਵਰੀ, ਦੇਸ਼ ਕਲਿੱਕ ਬਿਓਰੋ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਭਰ ਦੇ ਕੋਚਿੰਗ ਸੈਂਟਰਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ 10ਵੀਂ ਜਮਾਤ ਦੀ ਪ੍ਰੀਖਿਆ ਤੋਂ ਪਹਿਲਾਂ ਬੱਚਿਆਂ ਨੂੰ ਕੋਚਿੰਗ ਸੈਂਟਰਾਂ ਵਿੱਚ ਦਾਖਲ ਨਹੀਂ ਕਰ ਸਕਣਗੇ ਅਤੇ ਨਾ ਹੀ ਸਕੂਲ ਦੇ ਸਮੇਂ ਦੌਰਾਨ ਕੋਚਿੰਗ ਦੇ ਸਕਣਗੇ। ਵਿਦਿਆਰਥੀਆਂ ਨੂੰ ਦਿਨ ਵਿਚ ਪੰਜ ਘੰਟੇ ਤੋਂ ਵੱਧ ਕੋਚਿੰਗ ਨਹੀਂ ਦਿੱਤੀ ਜਾਵੇਗੀ। ਸਵੇਰੇ ਬਹੁਤ ਜਲਦੀ ਜਾਂ ਸ਼ਾਮ ਨੂੰ ਲੇਟ ਤੱਕ ਵਿਦਿਆਰਥੀਆਂ ਨੂੰ ਨਹੀਂ ਬਿਠਿਾਇਆ ਜਾਵੇਗਾ। ਅਧਿਆਪਕ- ਵਿਦਿਆਰਥੀ ਅਨੁਪਾਤ ਅਨੁਸਾਰ ਅਧਿਆਪਕ ਰੱਖਣੇ ਜ਼ਰੂਰੀ ਹੋਣਗੇ ਅਤੇ ਉਨ੍ਹਾਂ ਦੀ ਯੋਗਤਾ ਗਰੈਜੂਏਸ਼ਨ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਕੋਚਿੰਗ ਸੈਂਟਰ ਵਿਦਿਆਰਥੀਆਂ ਨੂੰ ਵੱਧ ਨੰਬਰ ਲੈਣ ਤੇ ਸ਼ਰਤੀਆ ਪਾਸ ਹੋਣ ਦੀਆਂ ਗਰੰਟੀਆਂ ਨਹੀਂ ਦੇ ਸਕਣਗੇ। 50 ਤੋਂ ਵੱਧ ਵਿਦਿਆਰਥੀਆਂ ਵਾਲੇ ਕੋਚਿੰਗ ਸੈਂਟਰ ਨੂੰ ਹੀ ਮਾਨਤਾ ਮਿਲੇਗੀ। ਜਿਹੜੇ ਸੈਂਟਰ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ, ਉਹ ਹੀ ਰਜਿਸਟਰ ਕੀਤੇ ਜਾਣਗੇ। ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਕੋਚਿੰਗ ਵਿਚਕਾਰ ਛੱਡ ਦੇਵੇ ਤਾਂ ਉਸ ਦੀ ਬਕਾਇਆ ਫੀਸ ਮੋੜਨੀ ਹੋਵੇਗੀ। ਸ਼ਰਤਾਂ ਦੀ ਉਲੰਘਣ ਕਰਨ ਵਾਲੀਆਂ ਸੰਸਥਾਵਾਂ ਨੂੰ ਪਹਿਲੀ ਵਾਰ 25 ਹਜ਼ਾਰ ਰੁਪਏ, ਦੂਜੀ ਵਾਰ ਇੱਕ ਲੱਖ ਅਤੇ ਤੀਜੀ ਵਾਰ ਉਲੰਘਣ ਕਰਨ ‘ਤੇ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ।
ਇਹ ਦਿਸ਼ਾ-ਨਿਰਦੇਸ਼ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ, ਅੱਗ ਲੱਗਣ ਦੀਆਂ ਘਟਨਾਵਾਂ, ਨਾਕਾਫ਼ੀ ਸਹੂਲਤਾਂ ਦੇ ਨਾਲ-ਨਾਲ ਅਭਿਆਸ ਕੀਤੇ ਜਾ ਰਹੇ ਅਧਿਆਪਨ ਵਿਧੀਆਂ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੋਚਿੰਗ ਸੰਸਥਾਵਾਂ ਵਿਰੁੱਧ ਸਰਕਾਰ ਦੁਆਰਾ ਪ੍ਰਾਪਤ ਸ਼ਿਕਾਇਤਾਂ ਤੋਂ ਬਾਅਦ ਆਏ ਹਨ।
ਕੇਂਦਰੀ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੋਚਿੰਗ ਸੈਂਟਰਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਸੂਬਾ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ।