ਸ਼ਿਮਲਾ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੇ ਕੁਫਰੀ 'ਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਠੰਢ ਹੋਰ ਵਧੇਗੀ। ਮਕਰ ਸੰਕ੍ਰਾਂਤੀ ਤੱਕ ਧੁੰਦ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਕੁਕੁਮਸੇਰੀ 'ਚ ਘੱਟੋ-ਘੱਟ ਤਾਪਮਾਨ -8.6 ਡਿਗਰੀ, ਜਦਕਿ ਕੁਫਰੀ 'ਚ ਘੱਟੋ-ਘੱਟ ਤਾਪਮਾਨ -0.4 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਭੁੰਤਰ 'ਚ ਘੱਟੋ-ਘੱਟ ਤਾਪਮਾਨ 0.8 ਡਿਗਰੀ, ਸੁੰਦਰਨਗਰ 'ਚ 0.9 ਡਿਗਰੀ, ਸੋਲਨ ਅਤੇ ਮੰਡੀ 'ਚ 1.1 ਡਿਗਰੀ ਅਤੇ ਸ਼ਿਮਲਾ 'ਚ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸੇ ਦੌਰਾਨ ਦੇਸ਼ ਦੇ 20 ਰਾਜਾਂ ਵਿੱਚ ਵੀ ਅੱਜ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਝਾਰਖੰਡ, ਉੜੀਸਾ ਆਦਿ ਰਾਜ ਸ਼ਾਮਲ ਹਨ।