ਨਵੀਂ ਦਿੱਲੀ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਸੋਮਾਲੀਆ ਦੇ ਤੱਟ ਦੇ ਨੇੜੇ ਅਰਬ ਸਾਗਰ ਵਿੱਚ ਇੱਕ ਹੋਰ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ। ਜਹਾਜ਼ 'ਚ 15 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਮਾਮਲਾ 4 ਜਨਵਰੀ ਦਾ ਹੈ ਪਰ ਇਸ ਦੀ ਜਾਣਕਾਰੀ ਅੱਜ ਸਾਹਮਣੇ ਆਈ। ਇਸ ਲਾਇਬੇਰੀਅਨ ਝੰਡੇ ਵਾਲੇ ਜਹਾਜ਼ ਦਾ ਨਾਮ ਲੀਲਾ ਨਾਰਫੋਕ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਜਹਾਜ਼ 'ਤੇ ਮੌਜੂਦ ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਵਪਾਰੀ ਜਹਾਜ਼ ਦੀ ਸੁਰੱਖਿਆ ਲਈ ਜਲ ਸੈਨਾ ਨੇ ਆਈਐਨਐਸ ਚੇਨਈ ਨੂੰ ਜਹਾਜ਼ ਵੱਲ ਭੇਜਿਆ ਹੈ। ਸਮੁੰਦਰੀ ਆਵਾਜਾਈ ਦੇ ਅਨੁਸਾਰ, ਜਹਾਜ਼ ਬ੍ਰਾਜ਼ੀਲ ਦੇ ਪੋਰਟੋ ਡੋ ਅਕੂ ਤੋਂ ਬਹਿਰੀਨ ਦੇ ਖਲੀਫਾ ਬਿਨ ਸਲਮਾਨ ਬੰਦਰਗਾਹ ਵੱਲ ਜਾ ਰਿਹਾ ਸੀ।ਇਸ ਨੇ 11 ਜਨਵਰੀ ਨੂੰ ਟਿਕਾਣੇ ’ਤੇ ਪੁੱਜਣਾ ਸੀ। ਵੈਸਲ ਫਾਈਂਡਰ ਦੇ ਮੁਤਾਬਕ, ਜਹਾਜ਼ ਦਾ ਆਖਰੀ ਵਾਰ 30 ਦਸੰਬਰ ਨੂੰ ਸੰਪਰਕ ਹੋਇਆ ਸੀ। ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਿਸ ਨੇ ਕੀਤੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।