ਚੰਡੀਗੜ੍ਹ, 3 ਜਨਵਰੀ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਬੁੱਧਵਾਰ ਸਵੇਰੇ ਰਾਜਸਥਾਨ-ਹਰਿਆਣਾ 'ਚ 30 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਇਕੱਲੇ ਮਹਿੰਦਰਗੜ੍ਹ ਦੇ 7 ਪਿੰਡਾਂ ਵਿੱਚ ਜਾਂਚ ਚੱਲ ਰਹੀ ਹੈ। ਇੰਨਾ ਹੀ ਨਹੀਂ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਨਿਤਿਨ ਫੌਜੀ ਦੇ ਪਿੰਡ ਦੋਂਗੜਾ ਜਾਟ 'ਚ ਵੀ ਟੀਮ ਜਾਂਚ ਕਰ ਰਹੀ ਹੈ।ਅੱਜ ਬੁੱਧਵਾਰ ਸਵੇਰੇ ਕਰੀਬ 5.30 ਵਜੇ ਐਨਆਈਏ ਦੀਆਂ ਟੀਮਾਂ ਨੇ ਨਾਲੋ-ਨਾਲ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਫਿਲਹਾਲ ਜਾਂਚ ਚੱਲ ਰਹੀ ਹੈ। ਸੁਖਦੇਵ ਸਿੰਘ ਗੋਗਾਮੈੜੀ ਕਤਲ ਕੇਸ ਵਿੱਚ ਹੁਣ ਤੱਕ ਇਕੱਲੇ ਹਰਿਆਣਾ ਵਿੱਚੋਂ 7 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। NIA ਦੀ ਟੀਮ ਮਹਿੰਦਰਗੜ੍ਹ ਜ਼ਿਲੇ ਦੇ ਗੁਢਾ, ਕੇਮਲਾ, ਪਥੇਰਾ, ਖੁਡਾਨਾ, ਡੋਂਗਦਾ ਜਾਟ, ਸੁਰਹੇਤੀ, ਪਿਲਾਨੀਆ, ਮੁੰਡੀਆ ਖੇੜਾ 'ਚ ਜਾਂਚ ਕਰ ਰਹੀ ਹੈ।