ਵਾਰਾਨਸੀ, 31 ਦਸੰਬਰ, ਦੇਸ਼ ਕਲਿਕ ਬਿਊਰੋ :
IIT-BHU 'ਚ ਬੀ.ਟੈਕ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਨਾਲ ਪਾਂਡੇ ਵਾਸੀ ਬ੍ਰਿਜ ਇਨਕਲੇਵ ਕਲੋਨੀ ਸੁੰਦਰਪੁਰ, ਆਨੰਦ ਉਰਫ ਅਭਿਸ਼ੇਕ ਚੌਹਾਨ ਵਾਸੀ ਜੀਵਧੀਪੁਰ ਬਜਰਡੀਹਾ ਅਤੇ ਸਕਸ਼ਮ ਪਟੇਲ ਵਾਸੀ ਬਜਰਡੀਹਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ 2 ਮੁਲਜ਼ਮ ਭਾਜਪਾ ਆਈਟੀ ਸੈੱਲ ਨਾਲ ਜੁੜੇ ਹੋਏ ਹਨ। ਕੁਣਾਲ ਪਾਂਡੇ ਭਾਜਪਾ ਆਈਟੀ ਸੈੱਲ ਵਾਰਾਣਸੀ ਦੇ ਮੈਟਰੋਪੋਲੀਟਨ ਕੋਆਰਡੀਨੇਟਰ ਹਨ, ਜਦਕਿ ਸਕਸ਼ਮ ਪਟੇਲ ਆਈਟੀ ਸੈੱਲ ਦੇ ਵਾਰਾਣਸੀ ਮੈਟਰੋਪੋਲੀਟਨ ਕੋ-ਕਨਵੀਨਰ ਹਨ। ਪੁਲਿਸ ਨੇ ਸ਼ਨੀਵਾਰ (30 ਦਸੰਬਰ) ਨੂੰ ਦੇਰ ਰਾਤ ਚੈਕਿੰਗ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਮੁਲਜ਼ਮਾਂ ਨੇ 1 ਨਵੰਬਰ ਨੂੰ ਕਰੀਬ 1.30 ਵਜੇ ਆਪਣੇ ਦੋਸਤ ਨਾਲ ਆਈਆਈਟੀ-ਬੀਐਚਯੂ ਜਾ ਰਹੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਇੰਨਾ ਹੀ ਨਹੀਂ ਗੰਨ ਪੁਆਇੰਟ 'ਤੇ ਲੜਕੀ ਦੇ ਕੱਪੜੇ ਉਤਾਰ ਕੇ ਵੀਡੀਓ ਵੀ ਬਣਾਈ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ਵਿੱਚ ਕਈ ਦਿਨਾਂ ਤੱਕ ਰੋਸ ਪ੍ਰਦਰਸ਼ਨ ਕੀਤਾ ਸੀ।