ਨਵੀਂ ਦਿੱਲੀ, 27 ਦਸੰਬਰ, ਦੇਸ਼ ਕਲਿਕ ਬਿਊਰੋ :
ਰਾਸ਼ਟਰੀ ਰਾਜਧਾਨੀ ਦੇ ਚਾਣਕਿਆਪੁਰੀ ਸਥਿਤ ਇਜ਼ਰਾਇਲੀ ਦੂਤਾਵਾਸ ਦੇ ਕੋਲ ਮੰਗਲਵਾਰ ਸ਼ਾਮ ਨੂੰ ਇੱਕ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਹ ਜਾਣਕਾਰੀ ਦਿੱਲੀ ਫਾਇਰ ਸਰਵਿਸ ਨੂੰ ਮਿਲੀ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਕਿ ਦੂਤਾਵਾਸ ਦੇ ਪਿੱਛੇ ਖਾਲੀ ਪਲਾਟ 'ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਤਿੰਨ-ਚਾਰ ਲੋਕਾਂ ਨੇ ਵੀ ਧਮਾਕਾ ਸੁਣਿਆ।ਧਮਾਕਾ ਕਿਸ ਚੀਜ਼ ਨਾਲ ਕੀਤਾ ਗਿਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਸਪੈਸ਼ਲ ਸੈੱਲ ਅਤੇ ਫਾਇਰ ਵਿਭਾਗ ਦੀ ਟੀਮ ਫਿਲਹਾਲ ਮੌਕੇ ਤੋਂ ਰਵਾਨਾ ਹੋ ਗਈ ਹੈ। ਨਿਊਜ਼ ਏਜੰਸੀ 'ਪੀਟੀਆਈ' ਨੇ ਦਿੱਲੀ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਸਥਾਨ ਤੋਂ ਇਜ਼ਰਾਇਲੀ ਰਾਜਦੂਤ ਨੂੰ ਸੰਬੋਧਿਤ ਇੱਕ ਪੱਤਰ ਮਿਲਿਆ ਹੈ। ਇਸ ਵਿੱਚ ਕੀ ਲਿਖਿਆ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਅੰਬੈਸੀ ਤੋਂ ਕੁਝ ਦੂਰੀ 'ਤੇ ਇਕ ਖਾਲੀ ਪਲਾਟ 'ਤੇ ਇਕ ਚਿੱਠੀ ਮਿਲੀ ਹੈ, ਜਿੱਥੋਂ ਧਮਾਕੇ ਦੀ ਆਵਾਜ਼ ਆਈ ਸੀ। ਪੱਤਰ ਇਜ਼ਰਾਈਲ ਦੇ ਰਾਜਦੂਤ ਦੇ ਨਾਂ ਲਿਖਿਆ ਗਿਆ ਹੈ। ਇਸ ਵਿੱਚ ਇੱਕ ਝੰਡਾ ਲਪੇਟਿਆ ਹੋਇਆ ਹੈ। ਪੱਤਰ ਪੁਲੀਸ ਦੇ ਕਬਜ਼ੇ ਵਿੱਚ ਹੈ।
ਇਸੇ ਦੌਰਾਨ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਯਹੂਦੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਮਾਲ ਅਤੇ ਬਾਜ਼ਾਰਾਂ 'ਤੇ ਨਾ ਜਾਣ। ਲੋਕਾਂ ਨੂੰ ਰੈਸਟੋਰੈਂਟ, ਹੋਟਲ, ਪੱਬ ਅਤੇ ਹੋਰ ਥਾਵਾਂ ਸਮੇਤ ਜਨਤਕ ਥਾਵਾਂ 'ਤੇ ਚੌਕਸ ਰਹਿਣ ਲਈ ਸੁਚੇਤ ਕੀਤਾ ਗਿਆ ਹੈ। ਯਹੂਦੀਆਂ ਨੂੰ ਸਮੂਹਾਂ ਵਿੱਚ ਇਕੱਠੇ ਕਿਤੇ ਵੀ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ।