ਮੁੰਬਈ, 26 ਦਸੰਬਰ, ਦੇਸ਼ ਕਲਿਕ ਬਿਊਰੋ :
ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਜਹਾਜ਼ ਮੁੰਬਈ ਪਹੁੰਚ ਗਿਆ ਹੈ। ਇਸ ਨੇ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵਾਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਅੱਜ ਮੰਗਲਵਾਰ ਸਵੇਰੇ 4 ਵਜੇ ਮੁੰਬਈ ਹਵਾਈ ਅੱਡੇ 'ਤੇ ਉਤਰਿਆ। ਸਮਾਚਾਰ ਏਜੰਸੀ ਪੀਟੀਆਈ ਨੇ ਤੜਕੇ 4:30 ਵਜੇ ਦੱਸਿਆ ਕਿ ਇਸ ਫਲਾਈਟ ਤੋਂ 276 ਲੋਕ ਵਾਪਸ ਆਏ ਸਨ। ਫਿਲਹਾਲ ਭਾਰਤ ਪਰਤਣ ਵਾਲੇ ਯਾਤਰੀਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋਈ ਹੈ।ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫਲਾਈਟ ਸੋਮਵਾਰ ਨੂੰ ਦੁਪਹਿਰ 2:20 ਵਜੇ ਭਾਰਤ ਪਹੁੰਚੇਗੀ। ਰਿਪੋਰਟ ਮੁਤਾਬਕ ਕੁਝ ਲੋਕ ਦੇਸ਼ ਪਰਤਣਾ ਨਹੀਂ ਚਾਹੁੰਦੇ ਸਨ। ਇਸ ਕਾਰਨ ਫਲਾਈਟ ਨੂੰ ਉਡਾਣ ਭਰਨ 'ਚ ਦੇਰੀ ਹੋਈ। ਇਨ੍ਹਾਂ ਲੋਕਾਂ ਨੇ ਫਰਾਂਸ ਵਿਚ ਹੀ ਸ਼ਰਣ ਦੀ ਮੰਗ ਕੀਤੀ ਸੀ। ਦਰਅਸਲ, 23 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਜਾ ਰਹੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਵਾਟਰੀ ਏਅਰਪੋਰਟ 'ਤੇ ਈਂਧਨ ਭਰਨ ਲਈ ਉਤਰਿਆ ਸੀ। ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।