ਨਵੀਂ ਦਿੱਲੀ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ, ਹਰਿਆਣਾ ਤੋਂ ਰਾਜਸਥਾਨ ਅਤੇ ਬਿਹਾਰ ਤੱਕ ਪੂਰਾ ਉੱਤਰ-ਪੱਛਮੀ ਭਾਰਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਹੈ। ਪਿਛਲੇ ਕੁਝ ਦਿਨਾਂ ਤੋਂ ਪਹਾੜੀ ਰਾਜਾਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਵਧੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ-ਤਿੰਨ ਦਿਨਾਂ ਤੱਕ ਕੋਈ ਰਾਹਤ ਨਹੀਂ ਮਿਲੇਗੀ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਪਿਛਲੇ ਦੋ ਦਿਨਾਂ ਤੋਂ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਇੱਕ ਦਿਨ ਪਹਿਲਾਂ ਦਿੱਲੀ ਦੀਆਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਸਨ। ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ, ਪੰਜਾਬ ਦੇ ਅੰਮ੍ਰਿਤਸਰ ਅਤੇ ਰਾਜਸਥਾਨ ਦੇ ਚੁਰੂ ਵਿੱਚ ਧੁੰਦ ਕਾਰਨ ਸਵੇਰ ਦੀ ਵਿਜ਼ੀਬਿਲਟੀ ਲਗਭਗ ਨਾਮਾਤਰ ਸੀ। ਜੰਮੂ-ਕਸ਼ਮੀਰ 'ਚ ਨਵੇਂ ਸਾਲ ਦਾ ਸਵਾਗਤ ਮੀਂਹ ਅਤੇ ਬਰਫਬਾਰੀ ਨਾਲ ਹੋਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਦੇ ਅਨੁਸਾਰ, 1 ਤੋਂ 3 ਜਨਵਰੀ ਤੱਕ ਰਾਜ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਮੀਂਹ ਅਤੇ ਬਰਫਬਾਰੀ ਹੋਵੇਗੀ। ਫਿਲਹਾਲ ਕਸ਼ਮੀਰ 'ਚ ਸੀਤ ਲਹਿਰ ਦੇ ਚੱਲਦਿਆਂ ਜ਼ਿਆਦਾਤਰ ਜ਼ਿਲਿਆਂ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਹੈ।