ਕਿਹਾ ਕੁਝ ਘਟਨਾਵਾਂ ਅਮਰੀਕਾ-ਭਾਰਤ ਸਬੰਧਾਂ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ,ਅਸੀਂ ਜਾਂਚ ਕਰਾਂਗੇ
ਨਵੀਂ ਦਿੱਲੀ, 20 ਦਸੰਬਰ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ 'ਤੇ ਬਿਆਨ ਦਿੱਤਾ ਹੈ। ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਪੀਐੱਮ ਮੋਦੀ ਨੇ ਕਿਹਾ ਕਿ ਕੁਝ ਘਟਨਾਵਾਂ ਅਮਰੀਕਾ-ਭਾਰਤ ਸਬੰਧਾਂ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ। ਜੇਕਰ ਸਾਡੇ ਦੇਸ਼ ਦਾ ਕੋਈ ਨਾਗਰਿਕ ਕਿਸੇ ਹੋਰ ਦੇਸ਼ ਵਿੱਚ ਚੰਗਾ ਜਾਂ ਮਾੜਾ ਕੰਮ ਕਰਦਾ ਹੈ ਤਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਜੇਕਰ ਸਾਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ, ਤਾਂ ਅਸੀਂ ਜਾਂਚ ਕਰਨ ਲਈ ਤਿਆਰ ਹਾਂ। ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ। ਦਰਅਸਲ, ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ ਵਿੱਚ ਪੰਨੂ 'ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣਾ ਸੀ। ਅਮਰੀਕੀ ਅਧਿਕਾਰੀਆਂ ਨੇ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਹੀ ਇਹ ਮੁੱਦਾ ਭਾਰਤ ਕੋਲ ਉਠਾਇਆ ਸੀ। 22 ਨਵੰਬਰ 2023 ਨੂੰ ਪ੍ਰਕਾਸ਼ਿਤ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।ਪੀਐਮ ਮੋਦੀ ਨੇ ਕਿਹਾ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ 'ਚ ਇਹ ਤੱਤ ਧਮਕਾਉਣ ਅਤੇ ਹਿੰਸਾ ਭੜਕਾਉਣ 'ਚ ਲੱਗੇ ਹੋਏ ਹਨ। ਭਾਰਤ ਵਿਦੇਸ਼ਾਂ 'ਚ ਸਥਿਤ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਤ ਹੈ। ਅਮਰੀਕਾ ਨਾਲ ਸਾਡੇ ਸਬੰਧ ਬਹੁਤ ਮਜ਼ਬੂਤ ਹਨ। ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਭਾਈਵਾਲੀ ਦਾ ਆਧਾਰ ਹੈ। ਕੁਝ ਘਟਨਾਵਾਂ ਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਨਹੀਂ ਜੋੜਨਾ ਚਾਹੀਦਾ।