ਨਵੀਂ ਦਿੱਲੀ, 19 ਦਸੰਬਰ, ਦੇਸ਼ ਕਲੱਕ ਬਿਓਰੋ :
ਕਸ਼ਮੀਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਪਣੇ ਹੀ ਘਰ ਦੀ ਖਿੜਕੀ ਖੋਲ੍ਹਣ ਲਈ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ। ਜੰਮੂ ਕਸ਼ਮੀਰ ਅਤ ਲੱਦਾਖ ਹਾਈਕੋਰਟ ਵੱਲੋਂ ਉਸ ਨੂੰ ਹੁਣ ਪੰਜ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਆਪਣੇ ਹੀ ਘਰ ਦੀ ਖਿੜਕੀ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਇਕ ਸਿਵਿਲ ਮਾਮਲੇ ਵਿੱਚ ਉਸਦੇ ਗੁਆਂਢੀ ਦੇ ਦਾਅਵੇ ਨੂੰ ਬਰਕਰਾਰ ਰੱਖਦੇ ਹੋਏ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।
ਗੁਲਾਮ ਨਬੀ ਸ਼ਾਹ ਬਨਾਮ ਅਬਦੁਲ ਗਨੀ ਸ਼ੇਖ ਅਤੇ ਹੋਰ ਦੇ ਮੁਕਦਮੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਦੇ ਜਸਿਟਸ ਅਤੁਲ ਨੇ ਕਿਹਾ ਕਿ ਸਿਵਿਲ ਕੋਰਟ ਦਾ ਹੁਕਮ ਇਹ ਸਾਬਤ ਕਰਨ ਵਿੱਚ ਫੇਲ੍ਹ ਰਿਹਾ ਹੈ ਕਿ ਪਟੀਸ਼ਨਕਰਤਾ ਦੇ ਗੁਆਂਢੀ ਦੇ ਕਿਹੜੇ ਅਧਿਕਾਰਾਂ ਦੀ ਕਿਵੇਂ ਅਤੇ ਕਿਸ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ। ਜੱਜ ਅਤੁਲ ਨੇ ਆਪਣੇ ਫੈਸਲੇ ਵਿੱਚ ਕਿਹਾ ਬਿਨਾਂ ਸ਼ੱਕ ਪਟੀਸ਼ਨਕਰਤਾ ਨੂੰ ਆਪਣੇ ਘਰ ਦੀਆਂ ਖਿੜਕੀਆਂ ਖੋਲ੍ਹਣ ਦਾ ਅਧਿਕਾਰ ਹੈ, ਭਾਵੇਂ ਉਸਦਾ ਮੂੰਹ ਵਾਦੀ/ਪ੍ਰਤੀਵਾਦੀ ਦੇ ਘਰ ਵੱਲ ਹੀ ਕਿਉਂ ਨਾ ਹੋਵੇ।
ਪਟੀਸ਼ਨਕਰਤਾ ਦੇ ਗੁਆਢੀ ਨੇ ਹੇਠਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਗੁਆਂਢੀਆਂ ਦੇ ਘਰ ਦੀਆਂ ਖਿੜਕੀਆਂ ਖੋਲ੍ਹਣ ਨਾਲ ਉਸਦੀ ਨਿੱਜੀਅਤ ਦੀ ਉਲੰਘਣਾ ਹੋ ਰਹੀ ਹੈ। ਇਸ ਉਤੇ ਅਦਾਲਤ ਨੇ ਕਿਹਾ, ‘ਗੁਆਢੀ ਦਾ ਇਹ ਤਰਕ ਕਿ ਖਿੜਕੀ ਖੋਲ੍ਹਣ ਨਾਲ ਉਸਦੀ ਨਿਜਤਾ ਦੀ ਉਲੰਘਣਾ ਹੁੰਦੀ ਹੈ, ਨਿਰਅਧਾਰ ਹੈ ਕਿਉਂਕਿ ਇਹ ਪ੍ਰਤੀਵਾਦੀ ਦੇ ਲਈ ਆਪਣੀ ਨਿੱਜਤਾ ਯਕੀਨੀ ਕਰਨ ਲਈ ਜ਼ਰੂਰੀ ਕਦਮ ਚੁੱਕਣ ਦਾ ਇਕ ਮੁੱਦਾ ਹੈ।