ਚੰਡੀਗੜ੍ਹ, 11 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਵਾਸੀ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿਚ ਅੰਬਾਲਾ ਐਸਪੀ ਨੂੰ ਐਸਆਈਟੀ ਗਠਨ ਕਰਨੇ ਹੁਕਮ ਦਿੱਤੇ ਹਨ। ਮ੍ਰਿਤਕ ਦੀ ਮਾਂ ਦਾ ਦੋਸ਼ ਸੀ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਜਿਸ ਨੂੰ ਪੁਲਿਸ ਸੜਕ ਹਾਦਸਾ ਮੰਨ ਰਹੀ ਹੈ।
ਗ੍ਰਹਿ ਮੰਤਰੀ ਅਨਿਲ ਵਿੱਜ ਅੱਜ ਆਪਣੇ ਰਿਹਾਇਸ਼ 'ਤੇ ਸੂਬੇ ਦੇ ਕਈ ਜਿਲ੍ਹਿਆਂ ਤੋਂ ਆਏ ਸੈਂਕੜੇ ਲੋਕਾਂ ਦੀਆਂ ਸਮਸਿਆਵਾਂ ਸੁਣ ਰਹੇ ਸਨ। ਅੰਬਾਲਾ ਨਿਵਾਸੀ ਮਹਿਲਾ ਨੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਧਿਆਨ ਵਿੱਚ ਲਿਆਉਂਦੇ ਹੋਏ ਦੱਸਿਆ ਕਿ ਪੁਲਿਸ ਉਸ ਦੇ ਬੇਟੇ ਦੀ ਮੌਤ ਨੂੰ ਸੜਕ ਹਾਦਸਾ ਮੰਨ ਰਹੀ ਹੈ ਜਦੋਂ ਕਿ ਕੁੱਝ ਦੋਸ਼ੀਆਂ ਨੇ ਉਸ ਦੇ ਬੇਟੇ ਦਾ ਕਤਲ ਕੀਤਾ ਹੈ। ਮਾਮਲੇ ਵਿਚ ਮੰਤਰੀ ਵਿਜ ਨੇ ਐਸਆਈਟੀ ਗਠਨ ਕਰਨ ਦੇ ਹੁਕਮ ਦਿੱਤੇ।
ਇਕ ਹੋਰ ਮਾਮਲੇ ਵਿੱਚ ਕੁਰੂਕਸ਼ੇਤਰ ਤੋਂ ਆਏ ਵਿਅਕਤੀ ਨੇ ਆਤਮਹਤਿਆ ਦੇ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਫਰਿਆਦੀ ਦਾ ਦੋਸ਼ ਸੀ ਕਿ ਪੁਲਿਸ ਨੇ ਹੁਣ ਤਕ ਇਕ ਵੀ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਹੈ। ਮੰਤਰੀ ਵਿਜ ਨੇ ਮਾਮਲੇ ਵਿਚ ਐਸਪੀ ਕੁਰੂਕਸ਼ੇਤਰ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।