ਅੱਠ ਜ਼ਿਲ੍ਹਿਆਂ ‘ਚ ਰੈੱਡ ਅਲਰਟ,ਚੇਨਈ 'ਚ 8 ਲੋਕਾਂ ਦੀ ਮੌਤ
ਚੇਨਈ, 5 ਦਸੰਬਰ, ਦੇਸ਼ ਕਲਿਕ ਬਿਊਰੋ :
2 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ ਮਿਚੌਂਗ ਅੱਜ ਦੁਪਹਿਰ 1 ਵਜੇ ਦੇ ਲੱਗਭਗ ਆਂਧਰਾ ਪ੍ਰਦੇਸ਼ ਦੇ ਬਾਪਟਲਾ ਨੇੜੇ ਨੇਲੋਰ-ਮਛਲੀਪਟਨਮ ਵਿਚਕਾਰ ਟਕਰਾਏਗਾ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ 90 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।ਚੱਕਰਵਾਤ ਨੂੰ ਲੈ ਕੇ ਆਂਧਰਾ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਸਰਕਾਰ ਨੇ ਤਿਰੂਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਨਾ, ਪੱਛਮੀ ਗੋਦਾਵਰੀ, ਕੋਨਸੀਮਾ ਅਤੇ ਕਾਕੀਨਾਡਾ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।ਇਨ੍ਹਾਂ 8 ਜ਼ਿਲਿਆਂ 'ਚ NDRF ਅਤੇ SDRF ਦੀਆਂ 5-5 ਟੀਮਾਂ ਤਾਇਨਾਤ ਹਨ।ਦੂਜੇ ਪਾਸੇ ਅੱਜ ਮੰਗਲਵਾਰ ਨੂੰ ਤਾਮਿਲਨਾਡੂ 'ਚ ਬਾਰਿਸ਼ 'ਚ ਕਮੀ ਆਈ ਹੈ। ਸੋਮਵਾਰ ਨੂੰ ਆਏ ਤੂਫਾਨ ਨੇ ਚੇਨਈ 'ਚ ਕਾਫੀ ਤਬਾਹੀ ਮਚਾਈ। ਇਸ 'ਚ 8 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚੇਨਈ ਹਵਾਈ ਅੱਡੇ ਤੋਂ ਪਿਛਲੇ 16 ਘੰਟਿਆਂ ਤੋਂ ਬੰਦ ਪਈਆਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ।