ਸੋਨੀਆ-ਰਾਹੁਲ ਦੀ 76 ਫੀਸਦੀ ਹਿੱਸੇਦਾਰੀ ਵਾਲੀ 751.9 ਕਰੋੜ ਰੁਪਏ ਦੀ ਜਾਇਦਾਦ ਕੁਰਕ
ਨਵੀਂ ਦਿੱਲੀ, 22 ਨਵੰਬਰ, ਦੇਸ਼ ਕਲਿਕ ਬਿਊਰੋ :
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਯੰਗ ਇੰਡੀਆ ਦੀ 751.9 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਮਨੀ ਲਾਂਡਰਿੰਗ ਦੇ ਮਾਮਲੇ 'ਚ ਕਾਂਗਰਸ ਨਾਲ ਜੁੜੇ ਯੰਗ ਇੰਡੀਆ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਕੰਪਨੀ 'ਚ ਸੋਨੀਆ-ਰਾਹੁਲ ਦੀ 76 ਫੀਸਦੀ ਹਿੱਸੇਦਾਰੀ ਹੈ।ਇਸ ਮਾਮਲੇ ਵਿੱਚ, ਈਡੀ ਨੇ 3 ਅਗਸਤ 2022 ਨੂੰ ਦਿੱਲੀ ਦੇ ਹੇਰਾਲਡ ਬਿਲਡਿੰਗ ਵਿੱਚ ਸਥਿਤ ਯੰਗ ਇੰਡੀਆ ਕੰਪਨੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਪਿਛਲੇ ਸਾਲ 2 ਅਤੇ 3 ਅਗਸਤ ਨੂੰ ਈਡੀ ਦੀ ਟੀਮ ਨੇ ਸਵੇਰ ਤੋਂ ਦੇਰ ਸ਼ਾਮ ਤੱਕ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਨੈਸ਼ਨਲ ਹੈਰਾਲਡ ਦੇ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਸੋਨੀਆ ਅਤੇ ਰਾਹੁਲ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ।