ਭੋਪਾਲ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ ਅੱਜ 17 ਨਵੰਬਰ (ਸ਼ੁੱਕਰਵਾਰ) ਨੂੰ ਵੋਟਿੰਗ ਹੋ ਰਹੀ ਹੈ। ਇਸ ਚੋਣ ਵਿੱਚ 2 ਹਜ਼ਾਰ 533 ਉਮੀਦਵਾਰ ਮੈਦਾਨ ਵਿੱਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 5.60 ਕਰੋੜ ਵੋਟਰ ਕਰਨਗੇ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜੇ 3 ਦਸੰਬਰ ਨੂੰ ਆਉਣਗੇ। ਹਮੇਸ਼ਾ ਦੀ ਤਰ੍ਹਾਂ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਇਸ ਚੋਣ ਦੇ ਨਤੀਜੇ ਤੈਅ ਕਰਨਗੇ ਕਿ ਕੀ ਭਾਜਪਾ ਲਗਾਤਾਰ ਪੰਜਵੀਂ ਵਾਰ ਸੱਤਾ 'ਚ ਆਏਗੀ ਜਾਂ ਕਾਂਗਰਸ ਦੀ ਵਾਪਸੀ ਹੋਵੇਗੀ। ਸੀਐਮ ਸ਼ਿਵਰਾਜ ਆਪਣੀ ਰਵਾਇਤੀ ਸੀਟ ਬੁਧਨੀ ਤੋਂ ਚੋਣ ਲੜ ਰਹੇ ਹਨ।ਕਮਲਨਾਥ ਦੂਜੀ ਵਾਰ ਛਿੰਦਵਾੜਾ ਸੀਟ ਤੋਂ ਚੋਣ ਲੜ ਰਹੇ ਹਨ।ਇਸ ਚੋਣ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਮੇਤ ਸੱਤ ਸੰਸਦ ਮੈਂਬਰਾਂ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਸਭ ਦੀ ਨਜ਼ਰ ਇੰਦੌਰ-1 ਸੀਟ 'ਤੇ ਵੀ ਹੋਵੇਗੀ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਇੱਥੋਂ ਚੋਣ ਲੜ ਰਹੇ ਹਨ। ਇਸ ਚੋਣ ਵਿੱਚ 31 ਮੰਤਰੀ ਵੀ ਮੈਦਾਨ ਵਿੱਚ ਹਨ।