ਲਖਨਊ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਬੁੱਧਵਾਰ ਦੇਰ ਰਾਤ ਵੈਸ਼ਾਲੀ ਐਕਸਪ੍ਰੈਸ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 19 ਯਾਤਰੀ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਰਾਤ 2.30 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ। ਕੋਚ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਭਗਦੜ ਦੌਰਾਨ ਯਾਤਰੀਆਂ ਨੇ ਰੇਲਗੱਡੀ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਟਰੇਨ ਦਿੱਲੀ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਸੀ।ਇਟਾਵਾ 'ਚ 12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਟਰੇਨ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ 6 ਵਜੇ ਨਵੀਂ ਦਿੱਲੀ-ਦਰਭੰਗਾ ਐਕਸਪ੍ਰੈਸ (02570) ਦੇ ਸਲੀਪਰ ਕੋਚ ਐਸ-1 ਵਿੱਚ ਅੱਗ ਲੱਗ ਗਈ ਸੀ। ਇਹ ਹਾਦਸਾ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਦੋਵਾਂ ਸਟੇਸ਼ਨਾਂ ਵਿਚਕਾਰ ਦੂਰੀ 6-7 ਕਿਲੋਮੀਟਰ ਹੈ। ਅੱਗ ਕਿਵੇਂ ਲੱਗੀ ਅਜੇ ਸਪੱਸ਼ਟ ਨਹੀਂ ਹੈ। ਸੀਓ ਜੀਆਰਪੀ ਨੇ ਕਿਹਾ ਕਿ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।