ਲਖਨਊ, 14 ਨਵੰਬਰ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਜ਼ੱਫਰਨਗਰ 'ਚ ਅੱਜ ਮੰਗਲਵਾਰ ਸਵੇਰੇ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ-58 'ਤੇ ਇਕ ਵੱਡਾ ਹਾਦਸਾ ਵਾਪਰ ਗਿਆ।ਇੱਥੇ ਦਿੱਲੀ ਤੋਂ ਹਰਿਦੁਆਰ ਜਾ ਰਹੀ ਸਿਆਜ਼ ਕਾਰ ਟਰੱਕ ਦੇ ਪਿੱਛੇ ਜਾ ਵੜੀ। ਹਾਦਸੇ ਵਿੱਚ ਅੱਧੀ ਕਾਰ ਚਕਨਾਚੂਰ ਹੋ ਗਈ। ਕਾਰ 'ਚ ਸਵਾਰ ਸਾਰੇ ਛੇ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਸਾਰੇ ਸ਼ਾਹਦਰਾ ਦੇ ਰਹਿਣ ਵਾਲੇ ਸਨ। ਇਹ ਹਾਦਸਾ ਛਪਾਰ ਥਾਣਾ ਖੇਤਰ ਦੇ ਰਾਮਪੁਰ ਚੌਕ ਨੇੜੇ ਸਵੇਰੇ 4 ਵਜੇ ਵਾਪਰਿਆ।ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਕਰੇਨ ਦੀ ਮਦਦ ਨਾਲ ਟਰੱਕ ਵਿੱਚ ਫਸੀ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਅੱਧੀ ਟੁੱਟ ਗਈ। ਹਰ ਪਾਸੇ ਸਿਰਫ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਜਦਕਿ ਕਾਰ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ।ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।