ਅੰਮ੍ਰਿਤਸਰ, 11 ਨਵੰਬਰ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਸਰਕਾਰ ਨੇ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ਤੋਂ 80 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਬੀਐਸਐਫ ਰੇਂਜ ਅਟਾਰੀ ਵਾਹਗਾ ਬਾਰਡਰ ਤੋਂ ਬੀਐਸਐਫ ਅਧਿਕਾਰੀ ਵੱਲੋਂ ਦੇਰ ਰਾਤ 80 ਮਛੇਰਿਆਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਭੇਜਿਆ ਗਿਆ। ਮਛੇਰਿਆਂ ਨੂੰ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ ਵਿੱਚ ਭਾਰਤ ਭੇਜਿਆ ਗਿਆ। ਉਹ ਸ਼ੁੱਕਰਵਾਰ ਨੂੰ ਲਾਹੌਰ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬੀਐਸਐਫ ਅਧਿਕਾਰੀਆਂ ਨੇ ਸਾਰੇ ਮਛੇਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ।ਇਸ ਮੌਕੇ ਪ੍ਰੋਟੋਕੋਲ ਅਫਸਰ ਅਨੁਮਲ ਨੇ ਦੱਸਿਆ ਕਿ ਸ਼ਨੀਵਾਰ ਰਾਤ ਵੱਡੇ ਤੜਕੇ ਪਾਕਿਸਤਾਨ ਸਰਕਾਰ ਨੇ 80 ਦੇ ਕਰੀਬ ਭਾਰਤੀ ਮਛੇਰਿਆਂ ਨੂੰ ਜੇਲ ਤੋਂ ਰਿਹਾਅ ਕਰ ਕੇ ਭਾਰਤ ਭੇਜ ਦਿੱਤਾ ਹੈ। ਸਾਰਿਆਂ ਨੇ ਪਾਕਿਸਤਾਨ ਵਿੱਚ ਆਪਣੀ ਸਜ਼ਾ ਪੂਰੀ ਕੀਤੀ, ਫਿਰ ਉਨ੍ਹਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਗਈ। ਭਾਰਤ ਵਿੱਚ ਬੀਐਸਐਫ ਦੇ ਅਧਿਕਾਰੀਆਂ ਨੇ ਵੀ ਮਛੇਰਿਆਂ ਦਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈੱਡ ਕਰਾਸ ਭਵਨ ਵਿੱਚ ਰੱਖਿਆ ਹੋਇਆ ਹੈ। ਜਲਦੀ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਭੇਜ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ 2019 ਵਿੱਚ ਉਹ ਗਲਤੀ ਨਾਲ ਭਾਰਤੀ ਸਰਹੱਦ ਨੂੰ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਏ ਸਨ। ਜਿੱਥੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।