ਪੁਲਿਸ ਸ਼ਰਾਬੀ ਚੂਹੇ ਨੂੰ ਹੁਣ ਅਦਾਲਤ 'ਚ ਕਰੇਗੀ ਪੇਸ਼
ਭੋਪਾਲ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਵਿੱਚ ਚੂਹਿਆਂ ਵੱਲੋਂ ਸ਼ਰਾਬ ਪੀਣ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਥਾਣੇ ਵਿੱਚ ਸ਼ਰਾਬ ਦੀਆਂ ਬੋਤਲਾਂ ਖਾਲੀ ਕਰਨ ਦੇ ਦੋਸ਼ ਵਿੱਚ ਇੱਕ ਚੂਹੇ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਇਸ ਸ਼ਰਾਬੀ ਚੂਹੇ ਨੂੰ ਹੁਣ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।ਇਹ ਅਜੀਬ ਘਟਨਾ ਛਿੰਦਵਾੜਾ ਜ਼ਿਲ੍ਹੇ ਦੇ ਇੱਕ ਥਾਣੇ ਤੋਂ ਸਾਹਮਣੇ ਆਈ ਹੈ। ਪੁਲੀਸ ਨੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਕੀਤੀ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਬੋਤਲਾਂ ਨੂੰ ਸਟੋਰ ਰੂਮ ਵਿੱਚ ਰੱਖਿਆ ਸੀ।ਹਾਲਾਂਕਿ, ਜਦੋਂ ਜ਼ਬਤ ਕੀਤੀ ਸ਼ਰਾਬ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਸਮਾਂ ਆਇਆ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਘੱਟੋ-ਘੱਟ 60 ਬੋਤਲਾਂ ਖਾਲੀ ਸਨ। ਪੁਲਿਸ ਨੇ ਸਿੱਟਾ ਕੱਢਿਆ ਕਿ ਇਹ ਬੋਤਲਾਂ ਚੂਹਿਆਂ ਨੇ ਖਾਲੀ ਕੀਤੀਆਂ ਸਨ।ਪੁਲੀਸ ਦਾ ਕਹਿਣਾ ਹੈ ਕਿ ਪੁਲੀਸ ਸਟੇਸ਼ਨ ਦੀ ਇਮਾਰਤ ਬਹੁਤ ਪੁਰਾਣੀ ਹੈ, ਜਿੱਥੇ ਚੂਹੇ ਅਕਸਰ ਹੀ ਘੁੰਮਦੇ ਦੇਖੇ ਜਾ ਸਕਦੇ ਹਨ। ਇੱਥੋਂ ਤੱਕ ਕਿ ਰਿਕਾਰਡ ਵੀ ਕੁਤਰ ਦਿੰਦੇ ਹਨ।ਪੁਲਿਸ ਨੇ ਇਕ 'ਦੋਸ਼ੀ' ਚੂਹੇ ਨੂੰ 'ਗ੍ਰਿਫ਼ਤਾਰ' ਕਰਨ ਦਾ ਵੀ ਦਾਅਵਾ ਕੀਤਾ ਹੈ, ਜਿਸ ਨੂੰ ਹੁਣ ਸਬੂਤ ਵਜੋਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਹਾਲਾਂਕਿ ਪੁਲਿਸ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਸ਼ਰਾਬ ਪੀਣ ਵਾਲਿਆਂ ਵਿੱਚ ਕਿੰਨੇ ਚੂਹੇ ਸ਼ਾਮਲ ਸਨ।ਜਿਸ ਮਾਮਲੇ ਵਿਚ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਸਨ, ਉਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਪੁਲਿਸ ਹੁਣ ਅਦਾਲਤ ਨੂੰ ਸਥਿਤੀ ਸਮਝਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜ਼ਬਤ ਕੀਤੀ ਗਈ ਸ਼ਰਾਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥਾਣੇ 'ਚ ਚੂਹਿਆਂ ‘ਤੇ ਸ਼ਰਾਬ ਪੀਣ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਸ਼ਾਜਾਪੁਰ ਜ਼ਿਲ੍ਹਾ ਅਦਾਲਤ ਵਿੱਚ ਅਜਿਹੀ ਹੀ ਇੱਕ ਘਟਨਾ ਸੁਣਾਈ ਤਾਂ ਜੱਜ ਅਤੇ ਅਦਾਲਤ ਦਾ ਸਾਰਾ ਸਟਾਫ ਹੱਸ ਪਿਆ।ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਵੀ ਮੱਧ ਪ੍ਰਦੇਸ਼ ਤੋਂ ਪਿੱਛੇ ਨਹੀਂ ਹੈ। ਸਾਲ 2018 ਵਿੱਚ ਬਰੇਲੀ ਦੇ ਛਾਉਣੀ ਥਾਣੇ ਦੇ ਗੋਦਾਮ ਵਿੱਚ ਰੱਖੀ 1000 ਲੀਟਰ ਤੋਂ ਵੱਧ ਜ਼ਬਤ ਕੀਤੀ ਗਈ ਸ਼ਰਾਬ ਗਾਇਬ ਹੋ ਗਈ ਸੀ। ਸਥਾਨਕ ਪੁਲਿਸ ਵਾਲਿਆਂ ਨੇ ਚੂਹਿਆਂ 'ਤੇ ਸ਼ਰਾਬ ਪੀ ਜਾਣ ਦਾ ਦੋਸ਼ ਲਗਾਇਆ ਸੀ।