6.4 ਤੀਬਰਤਾ ਦੇ ਭੂਚਾਲ ਕਾਰਨ ਨੇਪਾਲ ‘ਚ 70 ਲੋਕਾਂ ਦੀ ਮੌਤ
ਪੰਜਾਬ, ਚੰਡੀਗੜ੍ਹ ਤੇ ਦਿੱਲੀ ਸਮੇਤ ਕਈ ਥਾਂਈਂ ਮਹਿਸੂਸ ਕੀਤੇ ਗਏ ਝਟਕੇ
ਕਾਠਮੰਡੂ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਨੇਪਾਲ 'ਚ ਸ਼ੁੱਕਰਵਾਰ ਰਾਤ 11:32 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਨੇਪਾਲ ਵਿੱਚ ਭੂਚਾਲ ਕਾਰਨ ਕਰੀਬ 70 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ ਰੁਕਮ ਪੱਛਮੀ 'ਚ 36 ਅਤੇ ਜਾਜਰਕੋਟ 'ਚ 34 ਮੌਤਾਂ ਹੋਈਆਂ ਹਨ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਨੇਪਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਨੇਪਾਲ ਦੇ ਭੂਚਾਲ ਦੇ ਝਟਕੇ ਦਿੱਲੀ, ਨੋਇਡਾ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵੀ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਨੇਪਾਲ ਵਿੱਚ ਕਾਠਮੰਡੂ ਤੋਂ 331 ਕਿਲੋਮੀਟਰ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਭੂਮੀਗਤ ਸੀ। ਭਾਰਤ ਵਿੱਚ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਪਿਛਲੇ ਮਹੀਨੇ ਵੀ ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਸੀ।ਜ਼ਿਕਰਯੋਗ ਹੈ ਕਿ ਨੇਪਾਲ ਵਿੱਚ 2015 ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 12000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ 'ਚ ਕਰੀਬ 5 ਲੱਖ ਘਰਾਂ ਨੂੰ ਨੁਕਸਾਨ ਹੋਇਆ ਸੀ।