ਮੁੰਬਈ, 28 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਿਜਨਸਮੈਨ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਈਮੇਲ ਭੇਜ ਕੇ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।ਧਮਕੀ ਦੇਣ ਵਾਲੇ ਨੇ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਦੇਸ਼ ਦੇ ਸਰਵੋਤਮ ਨਿਸ਼ਾਨੇਬਾਜ਼ਾਂ ਤੋਂ ਮਰਵਾ ਦੇਣਗੇ। ਸੂਤਰਾਂ ਮੁਤਾਬਕ ਅੰਬਾਨੀ ਨੂੰ ਇਹ ਧਮਕੀ ਵੀਰਵਾਰ (27 ਅਕਤੂਬਰ) ਦੀ ਸ਼ਾਮ ਨੂੰ ਮਿਲੀ।ਈਮੇਲ 'ਚ ਲਿਖਿਆ ਸੀ, 'ਜੇਕਰ ਤੁਸੀਂ ਸਾਨੂੰ 20 ਕਰੋੜ ਰੁਪਏ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਸਾਡੇ ਕੋਲ ਭਾਰਤ 'ਚ ਸਭ ਤੋਂ ਵਧੀਆ ਨਿਸ਼ਾਨੇਬਾਜ਼ ਹਨ।’ ਇਹ ਈਮੇਲ ਮਿਲਣ ਤੋਂ ਬਾਅਦ, ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ਦੇ ਆਧਾਰ 'ਤੇ ਗਾਮਦੇਵੀ ਪੁਲਿਸ ਨੇ ਆਈਪੀਸੀ ਦੀ ਧਾਰਾ 387 ਅਤੇ 506 (2) ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ 29 ਸਤੰਬਰ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਸੀ। MHA ਨੇ ਉਸਨੂੰ Z+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੋਈ ਹੈ। ਮੁਕੇਸ਼ ਅੰਬਾਨੀ ਸੁਰੱਖਿਆ ਦਾ ਖਰਚਾ ਖੁਦ ਅਦਾ ਕਰਦੇ ਹਨ। ਇਹ ਖਰਚਾ 40 ਤੋਂ 45 ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਆਈਬੀ ਦੀ ਸਿਫਾਰਿਸ਼ 'ਤੇ ਲਿਆ। ਆਈਬੀ ਨੇ ਮੁਕੇਸ਼ ਅੰਬਾਨੀ ਨੂੰ ਖ਼ਤਰੇ ਦਾ ਖ਼ਦਸ਼ਾ ਜਤਾਇਆ ਸੀ।