ਨਵੀਂ ਦਿੱਲੀ, 13 ਅਕਤੂਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ-ਹਮਾਸ ਜੰਗ ਦਾ ਅੱਜ 7ਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਆਪਰੇਸ਼ਨ ਅਜੇ ਤਹਿਤ ਇਜ਼ਰਾਈਲ ਵਿੱਚ ਫਸੇ 212 ਭਾਰਤੀ ਨਾਗਰਿਕਾਂ ਨੂੰ ਬਚਾਇਆ ਹੈ। ਅੱਜ ਸਵੇਰੇ ਏਅਰ ਇੰਡੀਆ ਦੀ ਫਲਾਈਟ ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ।ਦਿੱਲੀ ਏਅਰਪੋਰਟ 'ਤੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸਾਰਿਆਂ ਦਾ ਸਵਾਗਤ ਕੀਤਾ। ਭਾਰਤੀ ਸਮੇਂ ਮੁਤਾਬਕ ਵੀਰਵਾਰ ਨੂੰ ਦੁਪਹਿਰ 12:44 'ਤੇ ਇਸਰਾਈਲ ਦੇ ਡੇਵਿਡ ਬੇਂਗੂਰੀਅਨ ਏਅਰਪੋਰਟ ਤੋਂ ਫਲਾਈਟ ਨੇ ਭਾਰਤ ਲਈ ਉਡਾਨ ਭਰੀ। ਇਜ਼ਰਾਈਲ 'ਚ ਕਰੀਬ 18 ਹਜ਼ਾਰ ਭਾਰਤੀ ਰਹਿੰਦੇ ਹਨ।ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ 'ਚ ਹੁਣ ਤੱਕ 2700 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 1,300 ਇਜ਼ਰਾਈਲੀ ਹਨ। ਹੁਣ ਤੱਕ ਕਰੀਬ 1400 ਫਲਸਤੀਨੀ ਵੀ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੀ ਫੌਜ ਨੇ 6 ਦਿਨਾਂ 'ਚ ਹਮਾਸ ਦੇ 3,600 ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਗਾਜ਼ਾ 'ਤੇ 6 ਹਜ਼ਾਰ ਬੰਬ ਸੁੱਟੇ ਗਏ ਹਨ।