ਪਟਨਾ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਨੌਰਥ-ਈਸਟ ਐਕਸਪ੍ਰੈਸ (12506) ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ ਸਾਰੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ।ਇਹ ਹਾਦਸਾ ਬਕਸਰ-ਆਰਾ ਵਿਚਕਾਰ ਰਘੂਨਾਥਪੁਰ ਸਟੇਸ਼ਨ ਨੇੜੇ ਰਾਤ 9.35 ਵਜੇ ਵਾਪਰਿਆ। ਟਰੇਨ 'ਚ ਸਵਾਰ 100 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋ ਗਏ ਹਨ। ਇਨ੍ਹਾਂ 'ਚੋਂ 20 ਦੇ ਲੱਗਭਗ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਏਮਜ਼ ਪਟਨਾ ਭੇਜਿਆ ਗਿਆ ਹੈ। ਹੋਰ ਜ਼ਖ਼ਮੀਆਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।ਘਟਨਾ ਤੋਂ ਬਾਅਦ ਪਟਨਾ, ਅਰਰਾਹ ਅਤੇ ਬਕਸਰ ਤੋਂ ਰੇਲਵੇ ਦੀ ਬਚਾਅ ਟੀਮ ਨੇ NDRF ਅਤੇ SDRF ਦੀ ਟੀਮ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਟ੍ਰੈਕ ਵਿੱਚ ਦਰਾੜ ਪੈਣ ਕਾਰਨ ਵਾਪਰਿਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।