ਦੋਵੇਂ ਲੱਤਾਂ ਅਤੇ ਇਕ ਹੱਥ ਕੱਟੇ ਗਏ, ਗੰਭੀਰ ਹਾਲਤ ‘ਚ ਹਸਪਤਾਲ ਦਾਖਲ
ਇੰਸਪੈਕਟਰ, ਚੌਕੀ ਇੰਚਾਰਜ ਅਤੇ ਸਿਪਾਹੀ ਮੁਅੱਤਲ
ਲਖਨਊ, 11 ਅਕਤੂਬਰ, ਦੇਸ਼ ਕਲਿਕ ਬਿਊਰੋ ਬਿਊਰੋ :
ਉੱਤਰ ਪ੍ਰਦੇਸ਼ ਦੇ ਬਰੇਲੀ 'ਚ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਛੇੜਛਾੜ ਦਾ ਵਿਰੋਧ ਕਰਨ 'ਤੇ ਰੇਲ ਗੱਡੀ ਅੱਗੇ ਸੁੱਟ ਦਿੱਤਾ ਗਿਆ। ਟਰੇਨ ਦੀ ਲਪੇਟ 'ਚ ਆਉਣ ਤੋਂ ਬਾਅਦ ਉਸ ਦੀਆਂ ਦੋਵੇਂ ਲੱਤਾਂ ਅਤੇ ਇਕ ਹੱਥ ਕੱਟੇ ਗਏ। ਵਿਦਿਆਰਥਣ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰ ਨੇ ਦੱਸਿਆ ਕਿ ਵਿਦਿਆਰਥਣ ਦਾ ਆਪਰੇਸ਼ਨ ਹੋਇਆ ਹੈ। ਉਸ ਦੀਆਂ ਕਈ ਹੱਡੀਆਂ ਵੀ ਟੁੱਟ ਗਈਆਂ ਹਨ। ਇਹ ਘਟਨਾ ਬਰੇਲੀ ਦੇ ਸੀਬੀਗੰਜ ਇਲਾਕੇ ਦੀ ਹੈ।ਸੀਐਮ ਯੋਗੀ ਨੇ ਵਿਦਿਆਰਥਣ ਨਾਲ ਵਾਪਰੀ ਇਸ ਘਟਨਾ ਦਾ ਨੋਟਿਸ ਲਿਆ ਹੈ। ਇਸ ਤੋਂ ਬਾਅਦ ਇੰਸਪੈਕਟਰ ਸੀਬੀਗੰਜ ਅਸ਼ੋਕ ਕੁਮਾਰ, ਚੌਕੀ ਇੰਚਾਰਜ ਅਤੇ ਬੀਟ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦੋਂ ਡੀਐਮ ਰਵਿੰਦਰ ਕੁਮਾਰ ਹਸਪਤਾਲ ਪੁੱਜੇ ਤਾਂ ਪੀੜਤ ਵਿਦਿਆਰਥਣ ਦੇ ਪਿਤਾ ਨੇ ਰੋਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਵਿਦਿਆਰਥਣ ਦੇ ਇਲਾਜ ਦਾ ਸਾਰਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।ਐੱਸਪੀ ਸਿਟੀ ਰਾਹੁਲ ਭਾਟੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਲੜਕੇ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਡੀਕਲ ਟੀਮ ਏਅਰ ਐਂਬੂਲੈਂਸ ਰਾਹੀਂ ਉੱਚ ਕੇਂਦਰ ਵਿੱਚ ਤਬਦੀਲ ਕਰਨ ਬਾਰੇ ਵਿਚਾਰ ਕਰ ਰਹੀ ਹੈ।