ਸ਼੍ਰੀਨਗਰ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਵਿਖੇ ਸ਼ੋਪੀਆਂ ਦੇ ਅਲਸ਼ੀਪੋਰਾ 'ਚ ਫੌਜ ਨਾਲ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਦੀ ਪਛਾਣ ਮੋਰੀਫਤ ਮਕਬੂਲ ਅਤੇ ਜਾਜਿਮ ਫਾਰੂਕ ਉਰਫ ਅਬਰਾਰ ਵਜੋਂ ਹੋਈ ਹੈ। ਦੋਵੇਂ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਸਨ। ਕਸ਼ਮੀਰ ਦੇ ਸਹਾਇਕ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ ਅੱਤਵਾਦੀ ਅਬਰਾਰ, ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਹੱਤਿਆ 'ਚ ਸ਼ਾਮਲ ਸੀ। ਇਲਾਕੇ 'ਚ ਵੱਡੀ ਗਿਣਤੀ 'ਚ ਫੌਜੀ ਬਲ ਤਾਇਨਾਤ ਹਨ। ਹੋਰ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਨੂੰ ਗੋਲੀ ਮਾਰ ਦਿੱਤੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਅੱਤਵਾਦੀਆਂ ਨੇ 40 ਸਾਲਾ ਸੰਜੇ 'ਤੇ ਉਸ ਸਮੇਂ ਹਮਲਾ ਕੀਤਾ ਸੀ ਜਦੋਂ ਉਹ ਸਵੇਰੇ 10.30 ਵਜੇ ਆਪਣੀ ਪਤਨੀ ਨਾਲ ਬਾਜ਼ਾਰ ਜਾ ਰਿਹਾ ਸੀ।