ਨਵੀਂ ਦਿੱਲੀ, 9 ਅਕਤੂਬਰ, ਦੇਸ਼ ਕਲਿਕ ਬਿਊਰੋ :
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਅੱਜ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਛੱਤੀਸਗੜ੍ਹ ਵਿੱਚ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ 17 ਨਵੰਬਰ ਅਤੇ ਰਾਜਸਥਾਨ 'ਚ 23 ਨਵੰਬਰ ਨੂੰ ਸਿੰਗਲ ਪੜਾਅ 'ਚ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਮਿਜ਼ੋਰਮ 'ਚ 7 ਨਵੰਬਰ ਅਤੇ ਤੇਲੰਗਾਨਾ 'ਚ 30 ਨਵੰਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਸਾਰੇ ਪੰਜ ਰਾਜਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ।ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 40 ਦਿਨਾਂ ਵਿੱਚ 5 ਰਾਜਾਂ ਦਾ ਦੌਰਾ ਕੀਤਾ। ਸਾਰੇ ਰਾਜਾਂ ਦੇ ਅਧਿਕਾਰੀਆਂ, ਪੁਲਿਸ, ਬੈਂਕ ਅਧਿਕਾਰੀਆਂ, ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੋ ਚੋਣਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਰਹਿਣਗੇ। ਅਸੀਂ ਸਾਰਿਆਂ ਤੋਂ ਫੀਡਬੈਕ ਲਿਆ।ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕੁੱਲ 16.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚ 8.2 ਕਰੋੜ ਪੁਰਸ਼ ਵੋਟਰ ਅਤੇ 7.8 ਕਰੋੜ ਮਹਿਲਾ ਵੋਟਰ ਹੋਣਗੇ।ਇਸ ਵਾਰ 60.2 ਲੱਖ ਨਵੇਂ ਵੋਟਰ ਪਹਿਲੀ ਵਾਰ ਆਪਣੀ ਵੋਟ ਪਾਉਣਗੇ।