ਜਗਮੇਲ ਸਿੰਘ
ਮੁਲਕ ਦੇ ਕਾਰੋਬਾਰ ਉਜਾੜੇ।ਵਿਦੇਸ਼ੀ ਪੂੰਜੀ ਦਾ ਜਮਾਂਦਰੂ ਸੁਭਾਅ, ਲੁੱਟ ਮਚਾਉਣਾ।ਜਿਥੇ ਆਵੇ, ਹੂੰਝਾ ਫੇਰੇ।ਜਿਥੇ ਲੱਗੇ,ਰੱਤ ਨਿਚੋੜੇ।ਅਮਲ ਗਵਾਹੀ ਭਰੇ। ਚੇਤਿਆਂ ਦੀ ਪਟਾਰੀ ਖੋਲ੍ਹੋ।ਲੁਟੇਰਾ ਸਾਹਮਣੇ।ਪਛਾਣਿਆ ਜਾਵੇ ਤਾਂ ਜਮਾਂ ਨੀਂ ਭੁੱਲਦਾ।ਈਸਟ ਇੰਡੀਆ ਕੰਪਨੀ! ਯਾਦ ਈ ਹੋਣੈ।ਅਖੇ ਸੌਦਾ ਵੇਚਣ ਆਈ, ਮਾਲਕ ਬਣ ਬੈਠੀ।ਪਹਿਲਾਂ ਆਪ, ਫੇਰ ਸਿੱਧਾ ਅੰਗਰੇਜ਼ੀ ਰਾਜ।ਮੁਲਕ ਗਲ ਗੁਲਾਮੀ, ਲੋਕਾਂ ਗਲ ਕੰਗਾਲੀ।ਅਰਬਾਂ ਖਰਬਾਂ ਲੁੱਟੇ। ਇੱਕ ਅੰਕੜਾ ਦੱਸਦੈ,1765 ਤੋਂ 1938 ਤੱਕ 1230 ਖਰਬ ਰੁਪਏ ਲੈਗੇ।1947 ਵੇਲੇ ਭਾਰਤ ਸਿਰ ਕਰਜ਼ਾ 03 ਅਰਬ ਰੁਪਏ। ਉਹਨਾਂ ਹੀ ਚੜਾਇਆ।
ਉਹ ਇੱਕ ਸੀ,ਹੁਣ ਅਣਗਿਣੀਆਂ।ਪੰਜ ਹਜ਼ਾਰ ਤੋਂ ਉੱਤੇ ਦਾ ਅੰਦਾਜ਼ਾ। ਹਰ ਖੇਤਰ ਨੂੰ ਚਿੰਬੜੀਆਂ।ਆਰਥਿਕਤਾ ਨਿਚੋੜ ਸੁੱਟੀ ਡੂੰਘੇ ਖੱਡੇ। ਸਨਅਤਾਂ ਨੂੰ ਉੱਚ ਤਕਨੀਕ ਤੇ ਵਿਦੇਸ਼ੀ ਪੂੰਜੀ ਦਾ ਵਲਾਵਾਂ। ਛੋਟੀਆਂ ਸਨਅਤਾਂ ਪਿੜ 'ਚੋਂ ਬਾਹਰ।ਕਈ ਬੰਦ,ਕਈ ਪਰਵਾਸ।ਰੁਜ਼ਗਾਰ ਸੋਮੇ ਸੂਤੇ।ਉਜ਼ਰਤਾਂ ਨੂੰ ਕੈਂਚੀ। ਕਾਮਿਆਂ ਦੀ ਛਾਂਟੀ। ਖੇਤੀ ਜਿਣਸਾਂ,ਨਾ ਖਰੀਦ ਯਕੀਨੀ,ਨਾ ਲਾਹੇਵੰਦ ਭਾਅ। ਖੇਤੀ ਲਾਗਤਾਂ ਮਹਿੰਗੀਆਂ। ਜ਼ਰੂਰੀ ਵਸਤਾਂ ਦੇ ਭਾਵਾਂ ਨੂੰ ਅੱਗ।ਮਹਿੰਗਾਈ ਨੂੰ ਖੁੱਲ੍ਹਾਂ। ਬੀਮਾਰੀਆਂ ਬਾਬਿਆਂ ਸਹਾਰੇ।ਲੁੱਟਣ ਵਾਲੀ ਅੱਤ ਮਚਾ ਰੱਖੀ ਆ।2021 ਦੇ ਪਿਛਲੇ 6 ਮਹੀਨੇ, ਵੈਂਗਣੀ ਉੱਘੜੀ 173 ਕਰੋੜ ਰੁਪਏ ਲੈ ਗਈਆਂ।ਬਜ਼ਟ ਵਿਚ ਨਰੇਗਾ ਲਈ ਐਲਾਨੇ 60 ਹਜ਼ਾਰ ਕਰੋੜ ਤੋਂ ਤਿੱਗਣੇ। ਬਰਾਬਰ ਕੰਮ ਬਰਾਬਰ ਤਨਖਾਹ ਤੋਂ ਵਾਧੂ।
ਕਸਰ ਤਾਂ ਪਹਿਲੀਆਂ ਸਰਕਾਰਾਂ ਨੇ ਨਹੀਂ ਛੱਡੀ। ਵਿਦੇਸ਼ੀ ਕੰਪਨੀਆਂ ਨੂੰ ਲਿਆਉਣ ਦੀ।ਖੁੱਲੀ ਲੁੱਟ ਕਰਨ ਦੀ।ਸੱਦੇ ਦਿੱਤੇ।ਜਾ ਕੇ ਲਿਆਏ।ਨੀਤੀਆਂ ਬਣਾਈਆਂ।ਦਰਾਮਦੀ ਬਰਾਮਦੀ ਟੈਕਸ ਘਟਾਏ, ਬੈਰੀਕੇਡ ਹਟਾਏ। ਰਾਹ ਮੋਕਲੇ ਕੀਤੇ।ਰੈੱਡ ਕਾਰਪੇਟ ਵਿਛਾਏ।ਹੁਣ ਵਾਲੀ ਭਾਜਪਾ ਸਰਕਾਰ,ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਵੱਡੀ ਵਫ਼ਾਦਾਰ।ਸਿਆਸੀ ਸ਼ਰੀਕਾਂ ਨਾਲ ਭਿੜੇ। ਵਫਾਦਾਰੀ ਦੀ ਗੁਰਜ ਹਥਿਆਉਣ ਨੂੰ ਫਿਰੇ।ਸੇਵਾ ਦਾ ਮੇਵਾ ਚਾਹਵੇ। ਤੀਜੀ ਵਾਰ ਚੌਕੀਦਾਰੀ ਭਾਲੇ।ਸਭ ਹੱਦਾਂ ਟੱਪੀਆਂ।ਲੋਕਾਂ 'ਤੇ ਕਟਕ, ਜ਼ੁਬਾਨਬੰਦੀ, ਜੇਲ੍ਹਾਂ।ਜੋਕਾਂ ਨੂੰ ਰਿਆਇਤਾਂ ਦੇ ਗੱਫ਼ੇ।ਬਰਾਏ ਨਾਮ ਦੇਸ਼ ਪੱਖੀ ਕਾਨੂੰਨਾਂ ਵਿੱਚ ਸੋਧਾਂ। ਢੋਲ ਲੋਕ ਭਲਾਈ ਦਾ, ਨਾਚ-ਗਾਣਾ ਵਿਦੇਸ਼ੀ ਕੰਪਨੀਆਂ ਦੀ ਆਓ ਭਗਤ ਦਾ।
ਲੰਘੇ ਪਾਰਲੀਮੈਂਟ ਸੈਸ਼ਨ ਵਿੱਚ ਸਾਮਰਾਜੀ ਭਗਤੀ ਦਾ ਖੁੱਲਾ ਪ੍ਰਦਰਸ਼ਨ।ਲੱਗਭੱਗ ਤਿੰਨ ਦਰਜਨ ਕਾਨੂੰਨ ਸੋਧੇ। ਕੰਪਨੀਆਂ ਕਾਰਪੋਰੇਟਾਂ ਦਾ ਦਖ਼ਲ ਵਧਾਇਆ।ਲਸੰਸ ਤੋਂ ਛੋਟ।ਲੁੱਟ ਨੂੰ ਖੁੱਲਾਂ।ਸਜ਼ਾ ਦੀ ਥਾਂ ਆਮ ਜੁਰਮਾਨਾ।ਕੁਝ ਚੁਣਵਿਆਂ ਦਾ ਵੇਰਵਾ।ਜੰਗਲ ਰੱਖਿਅਕ ਕਨੂੰਨ ਸੋਧਿਆ। ਬਹਾਨਾ ਸੁਰੱਖਿਆ ਤੇ ਵਧਾਰੇ ਪਸਾਰੇ ਦਾ।ਮਨੋਰਥ 367 ਕੰਪਨੀਆਂ ਨੂੰ ਜ਼ਮੀਨ ਦੇਣ ਦਾ।ਪਾਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦਾ। ਮੋਟੀਆਂ ਕਮਾਈਆਂ ਕਰ ਲੈਣ ਦਾ। ਜੰਗਲ ਤੇ ਜ਼ਿੰਦਗੀ ਬਚਾਉਣ ਦੇ ਸੰਘਰਸ਼ ਨੂੰ ਕੁਚਲਣ ਲਈ ਫੌਜੀ ਛਾਉਣੀ ਬਣਾਉਣ ਦਾ।ਫੂਡ ਸੁਰੱਖਿਆ ਤੇ ਮਿਆਰ ਸਬੰਧੀ ਕਨੂੰਨ।ਗਲਤ ਜਾਣਕਾਰੀ ਦੇਣ ਜਾਂ ਬਿਨਾਂ ਲਸੰਸ ਕਾਰੋਬਾਰ ਕਰਨ ਦੀਆਂ ਸਜ਼ਾਵਾਂ, ਖਤਮ ਕੀਤੀਆਂ।ਦਵਾਈਆਂ ਸਬੰਧੀ ਕਨੂੰਨ, ਮਿਆਰੀ ਦਵਾਈ ਨਾ ਬਣਾਉਣ 'ਤੇ 2 ਸਾਲ ਸਜ਼ਾ ਦੀ ਥਾਂ ਵੀਹ ਹਜ਼ਾਰ ਜੁਰਮਾਨਾ। ਲੋਕਾਂ ਦਾ ਨਿੱਜੀ ਡਾਟਾ,ਡਾਟਾ ਸੁਰੱਖਿਆ ਕਨੂੰਨ ਤਹਿਤ ਸਰਕਾਰ ਕੋਲ।ਕੰਪਨੀਆਂ ਨੂੰ ਦੇਣ ਲਈ ਸੋਧ। ਸਰਕਾਰਾਂ ਵੋਟਾਂ ਲਈ ਤੇ ਕੰਪਨੀਆਂ ਮਾਲ ਵੇਚਣ ਲਈ ਵਰਤਣਗੀਆਂ।ਲੋਕ ਵਿਸ਼ਵਾਸ ਕਨੂੰਨ 'ਚ ਸੋਧਾਂ,ਲੋਕਾਂ ਨਾਲ ਵਿਸ਼ਵਾਸ਼ਘਾਤ, ਜੋਕਾਂ ਨਾਲ ਵਫਾਦਾਰੀ। ਕਾਰੋਬਾਰਾਂ ਨੂੰ ਸੌਖ। ਸਜ਼ਾ ਘਟਾਈ।ਠੱਗੀਆਂ ਘਪਲਿਆਂ ਨੂੰ ਖੁੱਲ।ਹਵਾ ਪ੍ਰਦੂਸ਼ਣ ਬਚਾਅ ਤੇ ਕੰਟਰੋਲ ਕਨੂੰਨ 'ਚ ਸੋਧ।ਹਾਨੀਕਾਰਕ ਤੱਤਾਂ ਦੇ ਨਿਕਾਸ ਦੀ ਸਜ਼ਾ ਤੋਂ ਛੋਟ।ਸੂਚਨਾ ਤਕਨਾਲੋਜੀ ਕਨੂੰਨ ਤਹਿਤ 3 ਸਾਲ ਦੀ ਸਜ਼ਾ ਖਤਮ।ਆਈ ਪੀ ਸੀ ਵਿੱਚ ਸੋਧ ਨੰਗੇ ਚਿੱਟੇ ਸਰਕਾਰੀ ਜ਼ਬਰ ਨੂੰ ਛੱਤਰੀ।ਇਹਨਾਂ ਸੋਧਾਂ ਨਾਲ ਕੰਪਨੀਆਂ ਵੱਧ ਲੁੱਟ ਕਰਨਗੀਆਂ। ਲੋਕਾਂ ਦਾ ਜਿਉਣਾ ਹੋਰ ਦੁੱਭਰ ਹੋਊ।
ਲੋਕਾਂ ਦੀ ਲੋੜ ਐ, ਰੋਟੀ ਕਪੜਾ ਮਕਾਨ।ਖੁਸ਼ਹਾਲ ਜੀਵਨ।ਮਾਣ ਤਾਣ ਵਾਲੀ ਜ਼ਿੰਦਗੀ।ਬੱਚਿਆਂ ਦੀ ਵਧੀਆ ਪੜ੍ਹਾਈ ਤੇ ਪਰਵਰਿਸ਼। ਮਾਪਿਆਂ ਦੀ ਬੇਹਤਰ ਸੰਭਾਲ। ਰੁਜ਼ਗਾਰ ਦੀ ਗਰੰਟੀ।ਲੋੜਾਂ ਪੂਰਦੀ ਉਜਰਤ। ਬੁਢਾਪੇ ਦੀ ਸੁਰੱਖਿਆ।ਮੇਹਨਤਾਂ ਦਾ ਪੂਰਾ ਮੁੱਲ।
ਤਾਂ ਇਹਦੇ ਲਈ ਆਵਾਜ਼ ਉਠਾਓ:
* ਵਿਦੇਸ਼ੀ ਕੰਪਨੀਆਂ ਬਾਹਰ ਹੋਣ। -- ਵਿਦੇਸ਼ੀ ਕੰਪਨੀਆਂ ਦੇ ਆਉਣ ਕਰਕੇ, ਘਰੇਲੂ ਸਨਅਤਾਂ ਤੇ ਹੋਰ ਕਾਰੋਬਾਰ ਬੰਦ ਹੋਏ। ਗੋਬਿੰਦਗੜ੍ਹ ਦੀਆਂ 150 ਲੋਹਾ ਮਿੱਲਾਂ ਨੂੰ ਜਿੰਦੇ ਲੱਗੇ। ਹਜ਼ਾਰਾਂ ਕਾਮਿਆਂ ਤੋਂ ਕੰਮ ਖੋਹਿਆ। ਲੁਧਿਆਣਾ ਦੀ ਹੌਜ਼ਰੀ ਦੀ 60% ਸੇਲ ਘਟੀ।ਕੁਝ ਪਰਵਾਸ ਕਰ ਗਈ।ਜਲੰਧਰ ਵਿਖੇ ਰੋਜ਼ਾਨਾ 2 ਲੱਖ ਫੁਟਬਾਲ ਤਿਆਰ ਕਰਨ ਵਾਲੇ 60 ਹਜ਼ਾਰ ਕਾਮਿਆਂ ਤੋਂ ਕੰਮ ਖੋਹਿਆ। ਕਾਟਨ ਮਿੱਲਾਂ ਤੇ ਖੰਡ ਮਿੱਲਾਂ ਬੰਦ ਹੋਈਆਂ।
* ਘਰੇਲੂ ਸੱਨਅਤ ਸੁਰਜੀਤ ਹੋਵੇ।ਇਹਨੂੰ ਲੋੜੀਂਦੀ ਸਬਸਿਡੀ, ਤਾਣਾ ਬਾਣਾ ਅਤੇ ਸਹੂਲਤਾਂ ਮਿਲਣ। -- ਘਰੇਲੂ ਸਨਅਤ,ਰੁਜ਼ਗਾਰ ਦਾ ਵੱਡਾ ਸੋਮਾ। ਵਿਗਿਆਨੀਆਂ, ਤਕਨੀਸ਼ਨਾਂ ਤੇ ਖੋਜੀਆਂ ਲਈ ਕੰਮ। ਖੇਤੀ ਲੋੜਾਂ ਨਾਲ ਜੁੜੇ ਤਾਂ ਦੋਵਾਂ ਦਾ ਵਿਕਾਸ।ਮੁਲਕ ਦਾ ਵਿਕਾਸ।
* ਸਾਮਰਾਜੀ ਪੂੰਜੀ ਜ਼ਬਤ ਹੋਵੇ। -- ਮੁਲਕ ਅੰਦਰ ਸਾਮਰਾਜੀ ਸਰਮਾਏ ਦਾ ਵੱਡਾ ਭੰਡਾਰ। ਚੌਤਾਲੀ ਅਰਬ ਰੁਪਏ ਦੇ ਲੱਗਭਗ।ਇਥੋਂ ਈ ਲੁੱਟਿਆ।ਭਾਰਤ ਦਾ ਪੈਸਾ। ਭਾਰਤੀ ਲੋਕਾਂ ਲਈ ਰੁਜ਼ਗਾਰ ਤੇ ਹੋਰਨਾਂ ਸਹੂਲਤਾਂ ਦੇ ਲੇਖੇ ਲੱਗੇ।
* ਲੋਕਾਂ ਦੀਆਂ ਲੋੜਾਂ ਨਾਲ ਜੁੜੀਆਂ ਵਸਤਾਂ ਦੀ ਪੈਦਾਵਾਰ ਹੋਵੇ। ਸੱਟੇਬਾਜ਼ ਕਾਰੋਬਾਰ ਤੇ ਵਪਾਰ ਬੰਦ ਹੋਣ। -- 70-72% ਵਸੋਂ ਪੇਟ ਭਰ ਖਾਣਾ ਖਰੀਦਣ ਤੋਂ ਅਸਮਰੱਥ। ਵਿਦੇਸ਼ੀ ਲਗਜ਼ਰੀ ਕਾਰਾਂ ਕਿਸ ਕੰਮ ? 26 ਖਰਬ ਡਾਲਰ ਦੀ ਬਿਊਟੀ ਸਨਅਤ ਕਿਉਂ ? ਮਾਈਕਰੋ ਚਿਪ ਬਣਾਉਣ ਵਾਲੀ ਮਾਈਕਰੋਨ ਕੰਪਨੀ ਨੂੰ 70% ਪੂੰਜੀ ਕਾਹਦੇ ਲਈ ?
* ਸਾਮਰਾਜੀ ਸਮਝੌਤੇ ਸੰਧੀਆਂ ਰੱਦ ਹੋਣ। -- ਨਿੱਤ ਨਵਾਂ ਗਲਜੋਟਾ।ਆਏ ਦਿਨ ਵੱਧ ਰਿਹੈ, ਸਾਮਰਾਜੀਆਂ ਨਾਲ ਸਿਰ ਨਰੜ। ਫੌਜੀ ਸੰਧੀਆਂ। ਸਾਂਝੀਆਂ ਫ਼ੌਜੀ ਮਸ਼ਕਾਂ।ਹਥਿਆਰਾਂ ਦੀ ਖਰੀਦ।ਕਰੋਨਾ 'ਚ ਸਿਹਤ ਸੰਭਾਲ ਦੇ ਸਾਧਨ ਹੈਨੀਂ।ਹਥਿਆਰ ਖਰੀਦੇ 129 ਕਰੋੜ ਦੇ।ਲੋਕਾਂ ਦੀ ਜਾਸੂਸੀ ਕਰਨ ਦਾ ਸਾਫਟਵੇਅਰ ਖਰੀਦਿਆ। ਸਾਮਰਾਜੀ ਫੌਜੀ ਲੋੜਾਂ ਵਿੱਚ ਸਹਿਯੋਗ। ਸਾਮਰਾਜੀ ਫੌਜ ਦੀ ਸਹਾਇਕ ਟੁਕੜੀ ਦਾ ਰੋਲ।
* ਭਾਰਤ WTO ਤੋਂ ਬਾਹਰ ਆਵੇ। -- ਸਾਮਰਾਜੀ ਨੀਤੀਆਂ ਦਾ ਹਿਦਾਇਤਕਾਰ, ਸੰਸਾਰ ਵਪਾਰ ਸੰਗਠਨ।ਇਹ ਉਹੀ ਆ, ਜਿਹਦੀਆਂ ਹਿਦਾਇਤਾਂ 'ਤੇ ਖੇਤੀ ਦੇ ਕਾਲੇ ਕਨੂੰਨ ਬਣੇ ਸੀ। ਏਸੇ ਦੇ ਦਖਲ ਨਾਲ ਵਿਦੇਸ਼ੀ ਕੰਪਨੀਆਂ ਨੇ ਤੰਦੂਆ ਜਾਲ ਵਲਿਆ।ਆਹ ਕਾਨੂੰਨਾਂ ਵਿੱਚ ਸੋਧਾਂ ਏਸੇ ਦੀ ਹਿਦਾਇਤ 'ਤੇ ਹੋਈਆਂ।
* ਸਾਮਰਾਜ ਪੱਖੀ ਕਨੂੰਨੀ ਸੋਧਾਂ ਵਾਪਸ ਹੋਣ। -- ਇਹ ਸੋਧਾਂ ਲੋਕ ਦੋਖੀ।ਮਿਲਦੀਆਂ ਲੰਗੜੀਆਂ ਲੂਲੀਆਂ ਸਹੂਲਤਾਂ ਖੋਹੀਆਂ। ਸਾਮਰਾਜੀਆਂ ਨੂੰ ਲੁੱਟ ਦੀਆਂ ਖੁੱਲ੍ਹਾਂ। ਉਹਨਾਂ ਦੇ ਹਿੱਤ ਪਾਲਣ।
ਇਹ ਆਵਾਜ਼ ਚੱਲ ਰਹੇ ਸੰਘਰਸ਼ਾਂ ਦੀਆਂ ਮੰਗਾਂ ਨਾਲ ਜੁੜੇ।ਵੱਡੀ ਗਿਣਤੀ ਵਸੋਂ ਨੂੰ ਇਹ ਨੀਤੀਆਂ,ਕਨੂੰਨ ਤੇ ਸੋਧਾਂ ਡੰਗ ਮਾਰਦੀਆਂ।ਉਹ ਇਕੱਠੇ ਹੋਣ।ਏਕਾ ਬੰਨਣ।ਘੋਲ ਛੇੜਣ।ਹਾਕਮ ਮੁੜਦਾ। ਕਿਸਾਨ ਸੰਘਰਸ਼ ਸੁਝਾਅ ਦਿੰਦੈ। ਏਹਨੂੰ ਸੁਣੋ।ਸਮਝੋ।ਉੱਠੋ, ਤੁਰੋ।ਵਾਟ ਤੁਰਿਆਂ ਹੀ ਮੁੱਕਣੀ ਹੈ।
ਜਗਮੇਲ ਸਿੰਘ (94172 24822)