ਕਿਹਾ, ਇਹ ਨਸ਼ੇ ਤੋਂ ਵੀ ਭੈੜਾ, ਸਕੂਲ ਜਾਣ ਵਾਲੇ ਬੱਚੇ ਹੋ ਰਹੇ ਨੇ ਆਦੀ
ਨਵੀਂ ਦਿੱਲੀ, 20 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਕਰਨਾਟਕ ਹਾਈਕੋਰਟ ਹਾਈਕੋਰਟ ਵੱਲੋਂ ਵੱਡੀ ਟਿੱਪਣੀ ਕੀਤੀ ਗਈ ਹੈ। ਹਾਈਕੋਰਟ ਵੱਲੋਂ ਕਿਹਾ ਗਿਆ ਹੈ ਕਿ ਸ਼ਰਾਬ ਪੀਣ ਦੀ ਤਰ੍ਹਾਂ ਨਿਰਧਾਰਤ ਕਾਨੂੰਨੀ ਉਮਰ ਦੀ ਵਾਂਗ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਉਮਰ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ। ਜਸਿਟਸ ਜੀ ਨਰੇਂਦਰ ਅਤੇ ਜਸਿਟਸ ਵਿਜੈ ਕੁਮਾਰ ਏ ਪਾਟਿਲ ਦੇ ਬੈਂਚ ਨੇ 30 ਜੂਨ ਦੇ ਸਿੰਗਲ ਬੈਂਚ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ‘ਐਕਸ’ (ਟਵਿੱਟਰ) ਦੀ ਅਪੀਲ ਉਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ।
ਸਿੰਗਲ ਬੈਂਚ ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੋਲੌਜੀ ਵਿਭਾਗ ਦੇ ਵੱਖ ਵੱਖ ਹੁਕਮਾਂ ਖਿਲਾਫ ਐਕਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਮੰਤਰਾਲੇ ਨੇ ਦੋ ਫਰਵਰੀ 2021 ਅਤੇ 28 ਫਰਵਰੀ 2022 ਦੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ 1474 ਖਾਤਿਆਂ, 175 ਟਵੀਟ, 256 ਯੂਆਰਐਲ ਅਤੇ ਇਕ ਹੈਸ਼ਟੈਗ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਟਵਿੱਟਰ ਵੱਲੋਂ ਇਨ੍ਹਾਂ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਜੱਜ ਜੀ ਨਰੇਂਦਰ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਰੋਕ ਲਗਾਏ। ਅੱਜ ਸਕੂਲ ਜਾਣ ਵਾਲੇ ਬੱਚੇ ਇਸ ਦੇ ਆਦੀ ਹੋ ਗਏ ਹਨ।ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਬਕਾਰੀ ਨਿਯਮਾਂ ਦੀ ਤਰ੍ਹਾਂ ਇਸ ਦੀ ਵੀ ਇਕ ਉਮਰ ਸੀਮਾ ਤੈਅ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਬੱਚੇ 17 ਜਾਂ 18 ਸਾਲ ਦੇ ਹੋ ਸਕਦੇ ਹਨ, ਪ੍ਰੰਤੂ ਕੀ ਉਨ੍ਹਾਂ ‘ਚ ਇਹ ਫੈਸਲਾ ਲੈਣ ਦੀ ਪਰਿਪੱਕਤਾ ਹੈ ਕਿ ਦੇਸ਼ ਹਿੱਤ ਵਿੱਚ ਕੀ ਚੰਗਾ ਹੈ ਅਤੇ ਕੀ ਨਹੀਂ? ਨਾ ਕੇਵਲ ਸੋਸ਼ਲ ਮੀਡੀਆ ਉਤੇ, ਸਗੋਂ ਇੰਟਰਨੈਟ ਉਤੇ ਵੀ ਅਜਿਹੀਆਂ ਚੀਜ਼ਾਂ ਹਟਾਈਆਂ ਜਾਣੀਆਂ ਚਾਹੀਦੀਆਂ ਹਨ, ਜੋ ਬੱਚਿਆਂ ਨੂੰ ਖਰਾਬ ਕਰਦੀਆਂ ਹਨ। ਸਰਕਾਰ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਲਈ ਇਕ ਉਮਰ ਸੀਮਾ ਨਿਰਧਾਰਤ ਕਰਨ ਉਤੇ ਵੀ ਵਿਚਾਰ ਕਰਨਾ ਚਾਹੀਦਾ।