ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿੱਕ ਬਿਓਰੋ :
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕੇਂਦਰੀ ਸਿੱਖਿਆ ਰਾਜ ਮੰਤਰੀ ਨੂੰ ਗੁੱਸੇ ਵਿੱਚ ਆਏ ਭਾਜਪਾ ਵਰਕਰਾਂ ਨੇ ਕਮਰੇ ਵਿੱਚ ਬੰਦ ਕਰ ਦਿੱਤਾ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ ਸਰਕਾਰ ਨੂੰ ਮੰਗਲਵਾਰ ਨੂੰ ਆਪਣੇ ਸੰਸਦੀ ਖੇਤਰ ਵਿੱਚ ਹੀ ਆਪਣੀ ਪਾਰਟੀ ਦੇ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਇਕ ਕਮਰੇ ਵਿੱਚ ਕਰੀਬ ਦੋ ਘੰਟੇ ਤੱਕ ਬੰਦ ਰੱਖਿਆ। ਬਾਅਦ ਵਿੱਚ ਪੁਲਿਸ ਵੱਲੋਂ ਦਾਖਲ ਦੇਣ ਬਾਅਦ ਮੰਤਰੀ ਨੂੰ ਬਾਹਰ ਕੱਢਿਆ ਗਿਆ।
ਬਾਂਕੂਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਦਫ਼ਤਰ ਵਿੱਚ ਦੋ ਗਰੁੱਪਾਂ ਵਿੱਚ ਆਪਸੀ ਲੜਾਈ ਹੋਈ ਸੀ। ਜਿੱਥੇ ਕੇਂਦਰੀ ਮੰਤਰੀ ਵੀ ਮੌਜੂਦ ਸਨ। ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਕੇਂਦਰੀ ਮੰਤਰੀ ਨੂੰ ਕਮਰੇ ਵਿੱਚ ਬੰਦ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਉਨ੍ਹਾਂ ਨੂੰ ਪਤਾ ਚਲਿਆ ਤਾਂ ਉਹ ਤੁਰੰਤ ਪਹੁੰਚ ਗਏ ਅਤੇ ਭੀੜ ਨੂੰ ਹਟਾ ਕੇ ਮੰਤਰੀ ਨੂੰ ਬੰਦ ਕਮਰੇ ਵਿਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਭਾਸ ਸਰਕਾਰ ਮੰਗਲਵਾਰ ਨੂੰ ਸਵੇਰੇ ਜ਼ਿਲ੍ਹੇ ਦੇ ਪਾਰਟੀ ਦਫ਼ਤਰ ਵਿੱਚ ਇਕ ਮੀਟਿੰਗ ਕਰਨ ਲਈ ਪਹੁੰਚੇ ਸਨ, ਜਿੱਥੇ ਭਾਜਪਾ ਵਰਕਰਾਂ ਨੇ ਉਸ ਨੂੰ ਬੰਦ ਕਰ ਦਿੱਤਾ।