ਸ਼੍ਰੀਹਰੀਕੋਟਾ, 2 ਸਤੰਬਰ, ਦੇਸ਼ ਕਲਿਕ ਬਿਊਰੋ :
ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਤਿਆਰ ਬਰ ਤਿਆਰ ਹੈ।ਇਸ ਸੰਬੰਧੀ ਅੱਜ ਸਵੇਰੇ 11.50 ਵਜੇ ਪੀਐਸਐਲਵੀ ਐਕਸਐਲ ਰਾਕੇਟ ਰਾਹੀਂ ਆਦਿਤਿਆ ਐਲ1 ਪੁਲਾੜ ਯਾਨ ਨੂੰ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।ਸੂਰਜ ਦਾ ਅਧਿਐਨ ਕਰਨ ਵਾਲਾ ਆਦਿਤਿਆ ਐਲ1 ਪਹਿਲਾ ਭਾਰਤੀ ਮਿਸ਼ਨ ਹੈ। ਇਹ ਪੁਲਾੜ ਯਾਨ ਲਾਂਚਿੰਗ ਤੋਂ 4 ਮਹੀਨੇ ਬਾਅਦ ਲੈਗਰੇਂਜ ਪੁਆਇੰਟ-1 (L1) 'ਤੇ ਪਹੁੰਚ ਜਾਵੇਗਾ। ਇਸ ਬਿੰਦੂ 'ਤੇ ਗ੍ਰਹਿਣ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ, ਜਿਸ ਕਾਰਨ ਇੱਥੋਂ ਆਸਾਨੀ ਨਾਲ ਸੂਰਜ ਦਾ ਅਧਿਐਨ ਕੀਤਾ ਜਾ ਸਕੇਗਾ।ਲਾਗਰੇਂਜ ਪੁਆਇੰਟਾਂ ਦਾ ਨਾਮ ਇਤਾਲਵੀ-ਫਰਾਂਸੀਸੀ ਗਣਿਤ-ਸ਼ਾਸਤਰੀ ਜੋਸੇਫ-ਲੁਈਸ ਲੈਗਰੇਂਜ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸਨੂੰ ਬੋਲਚਾਲ ਵਿੱਚ L1 ਕਿਹਾ ਜਾਂਦਾ ਹੈ। ਧਰਤੀ ਅਤੇ ਸੂਰਜ ਦੇ ਵਿਚਕਾਰ ਪੰਜ ਅਜਿਹੇ ਬਿੰਦੂ ਹਨ, ਜਿੱਥੇ ਸੂਰਜ ਅਤੇ ਧਰਤੀ ਦੀ ਗਰੈਵੀਟੇਸ਼ਨਲ ਬਲ ਸੰਤੁਲਿਤ ਹੈ ਅਤੇ ਸੈਂਟਰਿਫਿਊਗਲ ਬਲ ਬਣਦੇ ਹਨ।ਅਜਿਹੀ ਸਥਿਤੀ 'ਚ ਜੇਕਰ ਕਿਸੇ ਵਸਤੂ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਵੇ ਤਾਂ ਇਹ ਆਸਾਨੀ ਨਾਲ ਦੋਹਾਂ ਵਿਚਕਾਰ ਸਥਿਰ ਰਹਿੰਦੀ ਹੈ ਅਤੇ ਊਰਜਾ ਵੀ ਘੱਟ ਖਰਚ ਹੁੰਦੀ ਹੈ। ਪਹਿਲਾ ਲੈਗਰੇਂਜ ਬਿੰਦੂ ਧਰਤੀ ਅਤੇ ਸੂਰਜ ਵਿਚਕਾਰ 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਹੈ।