ਲਖਨਊ, 1 ਸਤੰਬਰ, ਦੇਸ਼ ਕਲਿਕ ਬਿਊਰੋ :
ਲਖਨਊ ਦੇ ਦੁਬੱਗਾ ਵਿੱਚ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਦੇ ਘਰ ਅੰਦਰ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੈ ਸ਼੍ਰੀਵਾਸਤਵ ਵਜੋਂ ਹੋਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਾਮਲਾ ਠਾਕੁਰਗੰਜ ਥਾਣਾ ਖੇਤਰ ਦੇ ਬੇਗਾਰੀਆ ਪਿੰਡ ਦਾ ਹੈ। ਵਿਨੈ ਸ਼੍ਰੀਵਾਸਤਵ ਦੇ ਰਿਸ਼ਤੇਦਾਰਾਂ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਵਿਨੈ ਦੀ ਮੌਤ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦੇ ਪਿਸਤੌਲ ਤੋਂ ਚੱਲੀ ਗੋਲੀ ਨਾਲ ਹੋਈ ਹੈ। ਠਾਕੁਰਗੰਜ ਦੁਬੱਗਾ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਵਿਨੈ ਸ਼੍ਰੀਵਾਸਤਵ ਕੇਂਦਰੀ ਮੰਤਰੀ ਦੇ ਬੇਟੇ ਦੇ ਕਰੀਬੀ ਸਨ।
ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਗੋਲੀ ਚੱਲੀ ਉਸ ਸਮੇਂ ਘਰ 'ਚ ਕਈ ਹੋਰ ਲੋਕ ਵੀ ਮੌਜੂਦ ਸਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਫੋਰੈਂਸਿਕ ਟੀਮ ਵੀ ਮੌਕੇ 'ਤੇ ਮੌਜੂਦ ਹੈ।ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਕਿਸ ਹਾਲਾਤ 'ਚ ਚੱਲੀ, ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੰਤਰੀ ਕੌਸ਼ਲ ਕਿਸ਼ੋਰ ਨੇ ਮਾਮਲੇ ਬਾਰੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਕਮਿਸ਼ਨਰ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ।ਜੋ ਵੀ ਸੱਚ ਹੈ, ਸਾਹਮਣੇ ਆ ਜਾਵੇਗਾ।