ਪਟਨਾ, 30 ਅਗਸਤ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਸ਼ਿਵਸਾਗਰ ਥਾਣਾ ਖੇਤਰ 'ਚ ਅੱਜ ਬੁੱਧਵਾਰ ਤੜਕੇ ਇਕ ਟਰਾਲੇ ਅਤੇ ਸਕਾਰਪੀਓ ਵਿਚਾਲੇ ਹੋਈ ਟੱਕਰ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਝਾਰਖੰਡ ਵਾਲੇ ਪਾਸੇ ਤੋਂ ਸਕਾਰਪੀਓ 'ਤੇ ਸਵਾਰ ਹੋ ਕੇ ਕੁਝ ਲੋਕ ਆ ਰਹੇ ਸਨ, ਨੈਸ਼ਨਲ ਹਾਈਵੇਅ ਨੰਬਰ 2 'ਤੇ ਪਖਨਾੜੀ ਨੇੜੇ ਸਕਾਰਪੀਓ ਅਤੇ ਟਰਾਲੇ ਦੀ ਟੱਕਰ ਹੋ ਗਈ। ਟਰਾਲਾ ਪਹਿਲਾਂ ਹੀ ਸੜਕ ਦੇ ਕਿਨਾਰੇ ਖੜ੍ਹਾ ਸੀ ਅਤੇ ਤੇਜ਼ ਰਫ਼ਤਾਰ ਸਕਾਰਪੀਓ ਨੇ ਉਸ ਨੂੰ ਟੱਕਰ ਮਾਰ ਦਿੱਤੀ।ਸ਼ਿਵਸਾਗਰ ਥਾਣਾ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਘਟਨਾ ਤੜਕੇ 3.30 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜਾਂ 'ਚ ਜੁੱਟ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ 'ਚੋਂ ਕੁਝ ਦੀ ਪਛਾਣ ਹੋ ਗਈ ਹੈ, ਜਦਕਿ ਕੁਝ ਹੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ।ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਸਦਰ ਹਸਪਤਾਲ ਸਾਸਾਰਾਮ ਤੋਂ ਹਾਇਰ ਸੈਂਟਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਤੇ ਦੋ ਆਦਮੀ ਸ਼ਾਮਲ ਹਨ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਸਾਸਾਰਾਮ ਭੇਜ ਦਿੱਤਾ ਹੈ।